ਇਕ ਸਾਲ ਤੱਕ ਚੱਲੇਗਾ ਚੰਡੀਗੜ੍ਹ ਦੇ ਦਰੱਖਤਾਂ ਦਾ ਇਲਾਜ

Tuesday, Jun 20, 2017 - 04:19 AM (IST)

ਚੰਡੀਗੜ੍ਹ,   (ਵਿਜੇ)- ਚੰਡੀਗੜ੍ਹ ਦੇ ਦਰੱਖਤ ਪੁਰਾਣੇ ਹੋਣ ਦੇ ਨਾਲ-ਨਾਲ ਹੁਣ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਕੀੜਿਆਂ ਦੀ ਲਪੇਟ 'ਚ ਆ ਗਏ ਹਨ। ਇਹੀ ਕਾਰਨ ਹੈ ਕਿ ਸ਼ਹਿਰ ਲਗਾਤਾਰ ਆਪਣੀ ਹਰਿਆਲੀ ਗਵਾਉਂਦਾ ਜਾ ਰਿਹਾ ਹੈ ਪਰ ਇਸ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਦਰੱਖਤਾਂ ਨੂੰ ਬਚਾਉਣ ਲਈ ਇਨ੍ਹਾਂ ਦਾ ਇਲਾਜ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਲਈ ਫਾਰੈਸਟ ਐਂਡ ਵਾਈਲਡ ਲਾਈਫ਼ ਡਿਪਾਰਟਮੈਂਟ ਵੱਲੋਂ ਸ਼ਡਿਊਲ ਤਿਆਰ ਕੀਤਾ ਗਿਆ ਹੈ। ਆਉਣ ਵਾਲੇ ਇਕ ਸਾਲ ਦੌਰਾਨ ਸ਼ਹਿਰ ਦੇ ਦਰੱਖਤਾਂ ਦਾ ਇਲਾਜ ਜਾਰੀ ਰੱਖਿਆ ਜਾਵੇਗਾ ਤਾਂ ਕਿ ਨਵੇਂ ਦਰੱਖਤਾਂ ਨੂੰ ਲਾਉਣ ਦੇ ਨਾਲ-ਨਾਲ ਪੁਰਾਣੇ ਦਰੱਖਤਾਂ ਨੂੰ ਵੀ ਵੱਧ ਸਮੇਂ ਤੱਕ ਜਿਊਂਦੇ ਰੱਖਿਆ ਜਾ ਸਕੇ। ਇਸ ਲਈ ਵਿਭਾਗ ਨੇ ਸਾਰੇ ਦਰੱਖਤਾਂ ਦੇ ਨਾਂ ਉਨ੍ਹਾਂ 'ਤੇ ਲੱਗਣ ਵਾਲੇ ਇੰਸੈਕਟ ਜਾਂ ਬੀਮਾਰੀ ਤੋਂ ਬਚਾਉਣ ਦੇ ਨਾਲ-ਨਾਲ ਦਰੱਖਤਾਂ ਨੂੰ ਬਚਾਉਣ ਦੇ ਤਰੀਕੇ ਵੀ ਦੱਸੇ ਹਨ। ਵਿਭਾਗ ਵੱਲੋਂ ਪਹਿਲਾਂ ਹੀ ਅਜਿਹੇ ਦਰੱਖਤਾਂ ਦੀ ਪਛਾਣ ਕਰ ਕੇ ਇਕ ਸਟੱਡੀ ਵੀ ਕਰਵਾਈ ਜਾ ਚੁੱਕੀ ਹੈ, ਜਿਸ ਵਿਚ ਦਰੱਖਤਾਂ ਨੂੰ ਕੀੜੇ ਲੱਗੇ ਹੋਏ ਹੋਣ ਜਾਂ ਫਿਰ ਕੋਈ ਹੋਰ ਬੀਮਾਰੀ ਹੋਵੇ। ਇਸ ਸਟੱਡੀ ਦੇ ਆਧਾਰ 'ਤੇ ਹੀ ਵਿਭਾਗ ਵੱਲੋਂ ਦਰੱਖਤਾਂ ਦਾ ਇਲਾਜ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। 
ਚੰਡੀਗੜ੍ਹ ਦੇਸ਼ ਦਾ ਸਭ ਤੋਂ ਗ੍ਰੀਨ ਕਵਰ ਸ਼ਹਿਰ  
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੁਰੂ ਨੇ ਇਸ ਸਾਲ ਦੇਸ਼ ਦੀ ਗ੍ਰੀਨਰੀ 'ਤੇ ਇਕ ਸਟੱਡੀ ਕਰਵਾਈ। ਇਸ ਨਾਲ ਇਹ ਗੱਲ ਸਾਹਮਣੇ ਆਈ ਹੈ, ਚੰਡੀਗੜ੍ਹ ਦੇਸ਼ ਦਾ ਸਭ ਤੋਂ ਗ੍ਰੀਨ ਕਵਰ ਸ਼ਹਿਰ ਹੈ। ਚੰਡੀਗੜ੍ਹ ਦਾ ਕੁੱਲ ਗ੍ਰੀਨ ਕਵਰ ਏਰੀਆ 15 ਫੀਸਦੀ ਦੱਸਿਆ ਗਿਆ ਹੈ। ਗ੍ਰੀਨ ਕਵਰ ਏਰੀਆ ਦੀ ਕੈਲਕੂਲੇਸ਼ਨ ਸ਼ਹਿਰ ਦੇ ਵਰਗ ਗਜ਼, ਜਨਸੰਖਿਆ ਤੇ ਬਿਲਟ ਅਪ ਏਰੀਆ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਬਾਵਜੂਦ ਇਸ ਦੇ ਪ੍ਰਸ਼ਾਸਨ ਸ਼ਹਿਰ ਦੇ ਗ੍ਰੀਨ ਕਵਰ ਏਰੀਆ ਨੂੰ ਹੋਰ ਵਧਾਉਣ ਦੇ ਯਤਨ ਕਰ ਰਿਹਾ ਹੈ। 


Related News