ਇਲਾਜ ਅਧੀਨ ਪਤਨੀ ਬੋਲੀ- ਕੁਝ ਲੋਕ ਪਤੀ ਨੂੰ ਕਰ ਰਹੇ ਸਨ ਤੰਗ

Friday, Nov 17, 2017 - 07:34 AM (IST)

ਸ੍ਰੀ ਆਨੰਦਪੁਰ ਸਾਹਿਬ, (ਸੰਧੂ)- ਸੁਨਿਆਰੇ ਬਲਵਿੰਦਰ ਕੁਮਾਰ ਵਰਮਾ ਉਰਫ ਬੌਬੀ ਤੇ ਉਸ ਦੀ ਪਤਨੀ ਨੂੰ ਜ਼ਹਿਰ ਖਾਣ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਤੀ-ਪਤਨੀ ਨੇ ਜ਼ਹਿਰ ਨਿਗਲ ਲਿਆ ਸੀ, ਜਿਸ ਕਾਰਨ ਪਤੀ ਦੀ ਮੌਤ ਹੋ ਗਈ ਸੀ ਤੇ ਪਤਨੀ ਇਲਾਜ ਅਧੀਨ ਹੈ।
ਅੱਜ ਚੰਡੀਗੜ੍ਹ ਦੇ ਹਸਪਤਾਲ 'ਚ ਇਲਾਜ ਅਧੀਨ ਪੂਜਾ ਵਰਮਾ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਸਿਟੀ ਥਾਣਾ ਦੇ ਮੁਖੀ ਸਰਬਜੀਤ ਸਿੰਘ ਕੁਲਗਰਾਂ ਨੂੰ ਬਿਆਨ ਕਲਮਬੱਧ ਕਰਵਾਏ। ਪੂਜਾ ਵਰਮਾ ਨੇ ਕਿਹਾ ਕਿ ਮੇਰੇ ਪਤੀ ਨੂੰ ਕਈ ਮਹੀਨਿਆਂ ਤੋਂ ਕੁਝ ਲੋਕ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਨ੍ਹਾਂ 'ਚੋਂ ਇਕ ਮੇਰੇ ਪਤੀ ਦਾ ਮਿੱਤਰ ਆਮ ਆਦਮੀ ਪਾਰਟੀ ਦਾ ਸਾਬਕਾ ਜੁਆਇੰਟ ਸਕੱਤਰ ਤਰਲੋਚਨ ਸਿੰਘ ਚੱਠਾ ਵੀ ਹੈ। ਸਾਡੇ 'ਤੇ ਕੁਝ ਕਰਜ਼ਾ ਸੀ, ਜਿਸ ਨੂੰ ਮੁਆਫ ਕਰਨ ਲਈ ਇਕ ਦੋਸ਼ੀ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹੀ ਸੀ। ਇੰਨਾ ਹੀ ਨਹੀਂ, ਰਾਜੀਵ ਰਾਣਾ ਨੇ ਮੇਰੇ ਪਤੀ 'ਤੇ ਫਰਜ਼ੀ ਕੇਸ ਪਾਇਆ ਹੋਇਆ ਸੀ, ਜਿਸ ਵਿਚ ਮੇਰੇ ਪਤੀ ਨੂੰ ਸਜ਼ਾ ਹੋ ਸਕਦੀ ਸੀ, ਜਦਕਿ ਮੱਖਣ ਸਿੰਘ ਨਾਲ ਕਪੂਰਥਲਾ 'ਚ ਸਾਡਾ ਕੇਸ ਚੱਲ ਰਿਹਾ ਸੀ ਪਰ ਇਸ ਵਿਚ ਰਜ਼ਾਮੰਦੀ ਹੋ ਗਈ ਸੀ। ਇਸ ਦੇ ਬਾਵਜੂਦ ਮੱਖਣ ਸਿੰਘ ਸਾਡੇ ਕੋਲੋਂ 1.80 ਲੱਖ ਰੁਪਏ ਹੋਰ ਮੰਗ ਰਿਹਾ ਸੀ।
ਮੋਹਾਲੀ ਦੇ ਜਸਵੀਰ ਸਿੰਘ ਨਾਮਕ ਵਿਅਕਤੀ ਨੇ ਸਾਡੇ ਵਿਰੁੱਧ ਨਕਲੀ ਗਹਿਣਿਆਂ ਸੰਬੰਧੀ ਕੇਸ ਦਰਜ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਮਹਿੰਦਰ ਸਿੰਘ ਬਾਗੀ ਕੋਲੋਂ ਅਸੀਂ 5 ਲੱਖ ਰੁਪਏ ਉਧਾਰ ਲਏ ਸੀ, ਜਿਸ ਦਾ ਵਿਆਜ ਦਿੱਤਾ ਜਾ ਰਿਹਾ ਸੀ ਪਰ ਉਕਤ ਵਿਅਕਤੀ ਨੇ ਸਾਡੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾ ਲਈ। ਇਨ੍ਹਾਂ ਸਾਰੇ ਹਾਲਾਤ ਕਾਰਨ ਅਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
'ਆਪ' ਦੇ ਸਾਬਕਾ ਆਗੂ ਸਣੇ 6 ਨਾਮਜ਼ਦ
ਪੁਲਸ ਨੇ ਇਸ ਮਾਮਲੇ 'ਚ 'ਆਪ' ਦੇ ਸਾਬਕਾ ਆਗੂ  ਤਰਲੋਚਨ ਸਿੰਘ, ਮਹਿੰਦਰ ਸਿੰਘ ਬਾਗੀ, ਰਾਜੀਵ ਰਾਣਾ, ਕੁਲਦੀਪ ਸ਼ਰਮਾ, ਮੱਖਣ ਸਿੰਘ ਕਪੂਰਥਲਾ ਤੇ ਜਸਵੀਰ ਸਿੰਘ ਮੋਹਾਲੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News