ਟਰਾਂਸਪੋਰਟ ਨਗਰ ''ਚ ਅਜੇ ਤੱਕ ਨਹੀਂ ਖੁੱਲ੍ਹ ਸਕੀਆਂ ਦੁਕਾਨਾਂ

01/15/2018 12:32:14 PM

ਰੂਪਨਗਰ (ਵਿਜੇ)— ਨਗਰ ਸੁਧਾਰ ਟਰੱਸਟ ਵੱਲੋਂ ਉਸਾਰੇ ਟਰਾਂਸਪੋਰਟ ਨਗਰ ਵਿਚ ਅਜੇ ਤੱਕ ਕਿਸੇ ਵੀ ਟਰਾਂਸਪੋਰਟਰ, ਮਕੈਨਿਕ ਤੇ ਹੋਰ ਕੰਮਾਂ ਨਾਲ ਸਬੰਧਤ ਕੋਈ ਦੁਕਾਨ ਨਹੀਂ ਖੁੱਲ੍ਹੀ ਹੈ ਪਰ ਸ਼ਰਾਬ ਦਾ ਠੇਕਾ ਸਭ ਤੋਂ ਪਹਿਲਾਂ ਖੁੱਲ੍ਹ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦਕਿ ਇਸ ਪ੍ਰਾਜੈਕਟ 'ਤੇ ਸੂਬਾ ਸਰਕਾਰ ਦੇ ਖਜ਼ਾਨੇ 'ਚੋਂ ਲੱਖਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਵੱਲੋਂ 25 ਸਾਲ ਪਹਿਲਾਂ ਸ਼ਹਿਰ ਵਿਚ ਇਕ ਟਰਾਂਸਪੋਰਟ ਨਗਰ ਉਸਾਰੇ ਜਾਣ ਦਾ ਪ੍ਰਸਤਾਵ ਪਾਸ ਹੋਇਆ ਸੀ, ਇਸ ਲਈ ਜ਼ਮੀਨ ਅਕਵਾਇਰ ਕੀਤੀ ਗਈ ਸੀ, ਜਿਸ 'ਤੇ ਮਕੈਨਿਕਾਂ ਅਤੇ ਟਰਾਂਸਪੋਰਟ ਨਾਲ ਸਬੰਧਤ ਲੋਕਾਂ ਦੀਆਂ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਮਕੈਨਿਕਾਂ ਨੂੰ ਸਸਤੇ ਭਾਅ 'ਤੇ ਦੁਕਾਨਾਂ ਉਪਲਬਧ ਕਰਵਾਈਆਂ ਗਈਆਂ ਸਨ, ਜਿਸ 'ਤੇ ਸਰਕਾਰ ਦਾ ਕਰੋੜਾਂ ਰੁਪਏ ਖਰਚ ਆਇਆ ਹੈ। ਹੁਣ ਇਹ ਦੁਕਾਨਾਂ ਅਲਾਟ ਵੀ ਹੋ ਚੁੱਕੀਆਂ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਦੁਕਾਨਾਂ ਬੰਦ ਪਈਆਂ ਹਨ, ਜਿਸ ਦਾ ਮੁੱਖ ਕਾਰਨ ਟਰਾਂਸਪੋਰਟ ਨਗਰ ਵਿਚ ਬਿਜਲੀ ਆਦਿ ਦਾ ਕੋਈ ਪ੍ਰਬੰਧ ਨਾ ਹੋਣਾ ਹੈ। ਨਗਰ ਸੁਧਾਰ ਟਰੱਸਟ ਟਰਾਂਸਪੋਰਟ ਨਗਰ ਨੂੰ ਚਲਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। 

PunjabKesari
ਮਜ਼ੇ ਵਾਲੀ ਗੱਲ ਇਹ ਹੈ ਕਿ ਟਰਾਂਸਪੋਰਟ ਨਗਰ ਭਲੇ ਹੀ ਆਬਾਦ ਨਹੀਂ ਹੋਇਆ ਪਰ ਸਭ ਤੋਂ ਪਹਿਲਾਂ ਇਕ ਠੇਕੇਦਾਰ ਸ਼ਰਾਬ ਦਾ ਠੇਕਾ ਖੋਲ੍ਹਣ ਵਿਚ ਸਫਲ ਹੋ ਗਿਆ। ਨਗਰ ਟਰੱਸਟ ਨੂੰ ਚਾਹੀਦਾ ਹੈ ਕਿ ਜਲਦੀ ਹੀ ਉਥੇ ਮੋਟਰ ਮਕੈਨਿਕਾਂ ਦੀਆਂ ਦੁਕਾਨਾਂ ਖੋਲ੍ਹਣ ਹਿੱਤ ਪੂਰੀਆਂ ਸੁਵਿਧਾਵਾਂ ਦਾ ਪ੍ਰਬੰਧ ਕਰੇ ਤਾਂ ਕਿ ਟਰਾਂਸਪੋਰਟ ਨਗਰ ਨੂੰ ਸਫਲਤਾਪੂਰਵਕ ਚਲਾਇਆ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਟਰਾਂਸਪੋਰਟ ਨਗਰ ਵਿਚ ਸ਼ਹਿਰ ਦਾ ਨਵਾਂ ਖੂਬਸੂਰਤ ਬੱਸ ਸਟੈਂਡ ਵੀ ਬਣਾਇਆ ਜਾਣਾ ਹੈ ਪਰ ਇਸ ਸਬੰਧ ਵਿਚ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।


Related News