ਟਰਾਂਸਪੋਰਟ ਮੰਤਰੀ ਵਲੋਂ ਡਰਾਈਵਿੰਗ ਲਾਇਸੈਂਸ ਪੈਂਡੇਂਸੀ ਕਲੀਅਰ ਕਰਨ ਦਾ ਹੁਕਮ

10/14/2021 12:18:00 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਦਿਨੀਂ ਜਾਰੀ ਕੀਤੇ ਨਿੱਜੀ ਵ੍ਹਟਸਐਪ ਨੰਬਰ ’ਤੇ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫ਼ਿਕੇਟਾਂ ਅਤੇ ਹਾਈ ਸਕਿਓਰਿਟੀ ਨੰਬਰਾਂ ਪਲੇਟਾਂ ’ਚ ਦੇਰੀ ਅਤੇ ਲੰਬਿਤ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਇਸ ਪ੍ਰਕਿਰਿਆ ਨੂੰ ਸਮਾਂਬੱਧ, ਦਰੁਸਤ ਅਤੇ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਪੰਜਾਬ ਸਿਵਲ ਸਕੱਤਰੇਤ ਵਿਖੇ ਰਾਜਾ ਵੜਿੰਗ ਨੇ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਉਹ ਲੰਬਿਤ ਮਾਮਲਿਆਂ ਦੇ ਨਿਬੇੜੇ ਲਈ ਸਨੀਵਾਰ ਨੂੰ ਕੰਮ ਕਰਨ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟ੍ਰੈਕ ਖੋਲ੍ਹ ਕੇ ਰੱਖਣ। ਉਨ੍ਹਾਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ। ਟਰਾਂਸਪੋਰਟ ਮਹਿਕਮੇ ਵਲੋਂ ਸਮਾਰਟ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੀ ਚੰਡੀਗੜ੍ਹ ਸਥਿਤ ਕੇਂਦਰੀਕ੍ਰਿਤ ਕੰਪਨੀ ‘ਸਮਾਰਟ ਚਿੱਪ’ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਤਿੰਨ ਦਿਨ ਦੀ ਨਿਰਧਾਰਤ ਸਮਾਂ ਹੱਦ ਮੁਤਾਬਕ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਨੀ ਵਲੋਂ ਦੇਰੀ ਕਰਨ ’ਤੇ ਜ਼ੁਰਮਾਨਾ ਲਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਪ੍ਰਿਯੰਕਾ ਨੂੰ ਅੰਡਰ ਐਸਟੀਮੇਟ ਕਰਨਾ ਗ਼ਲਤ ਹੋਵੇਗਾ', ਪ੍ਰਸਿੱਧ ਜੋਤਸ਼ੀ ਨੇ ਦੱਸਿਆ ਰਾਜ ਯੋਗ ਦਾ ਸਮਾਂ

ਇਸੇ ਤਰ੍ਹਾਂ ਟਰਾਂਸਪੋਰਟ ਮੰਤਰੀ ਨੇ ਪੋਸਟਲ ਅਧਿਕਾਰੀਆਂ ਨੂੰ ਸੂਬੇ ਦੇ ਡਾਕਘਰਾਂ ਤੋਂ ਲੋਕਾਂ ਨੂੰ ਲਾਇਸੈਂਸ ਪ੍ਰਾਪਤ ਕਰਨ ਦਾ 7 ਦਿਨ ਦਾ ਸਮਾਂ ਵਧਾ ਕੇ 15 ਦਿਨ ਕਰਨ ਲਈ ਚਾਰਾਜੋਈ ਕਰਨ ਲਈ ਕਿਹਾ। ਵ੍ਹਟਸਐਪ ਨੰਬਰ ’ਤੇ ਮਿਲੀਆਂ ਸ਼ਿਕਾਇਤਾਂ ਦਾ ਹੱਲ ਕਰਨ ਉਪਰੰਤ ਰਾਜਾ ਵੜਿੰਗ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਈਸੜੂ ਦੇ ਜਗਬੀਰ ਸਿੰਘ ਨੂੰ ਉਸ ਦੇ ਨਵੇਂ ਹੌਂਡਾ ਐਕਟਿਵਾ ਅਤੇ ਜ਼ਿਲਾ ਮਾਨਸਾ ਦੇ ਬੁਢਲਾਡਾ ਸ਼ਹਿਰ ਦੇ ਅਵਿਨਾਸ਼ ਗੋਇਲ ਨੂੰ ਉਸ ਦੀ ਕਾਰ ਦੀ ਆਰ.ਸੀ. ਦੀ ਸਥਿਤੀ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਲਈ ਉਨ੍ਹਾਂ ਦੇ ਨਿੱਜੀ ਵ੍ਹਟਸਐਪ ਨੰਬਰ 94784-54701 ‘ਤੇ ਬੇਝਿਜਕ ਸਾਂਝੀ ਕਰਨ। ਟਰਾਂਸਪੋਰਟ ਵਿਭਾਗ ਨਾਲ ਸਬੰਧਤ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਜ਼ਿਲਾ ਪੱਧਰ ‘ਤੇ ‘ਵਿਸ਼ੇਸ਼ ਮੇਲੇ’ ਲਾਉਣ ਦਾ ਸੁਝਾਅ ਦਿੰਦਿਆਂ ਰਾਜਾ ਵੜਿੰਗ ਨੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਠਾ ‘ਵਿਸ਼ੇਸ਼ ਮੇਲਾ’ ਲਾਉਣ ਲਈ ਕਿਹਾ।

ਇਹ ਵੀ ਪੜ੍ਹੋ : ਦੀਵਾਲੀ ’ਤੇ ਦਿੱਲੀ ਨੂੰ ਦਹਿਲਾਉਣ ਦੀ ਫਿਰਾਕ ’ਚ ਸੀ ਪਾਕਿਸਤਾਨੀ ਅੱਤਵਾਦੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News