ਅਟਾਰੀ ਬਾਜ਼ਾਰ ’ਚ ਟਰਾਂਸਫਾਰਮਰ ’ਚੋਂ ਚੱਲਿਆ ‘ਪਟਾਕਾ ਅਨਾਰ’
Thursday, Aug 23, 2018 - 06:16 AM (IST)

ਜਲੰਧਰ, (ਪੁਨੀਤ)- ਮੀਂਹ ਕਾਰਨ ਇਸ ਮੌਸਮ ਵਿਚ ਖਸਤਾ ਹਾਲ ਬਿਜਲੀ ਸਿਸਟਮ ਹੋਣ ਕਾਰਨ ਅੰਦਰੂਨੀ ਬਾਜ਼ਾਰਾਂ ਵਿਚ ਟਰਾਂਸਫਾਰਮਰਾਂ ਵਿਚ ਕਈ ਦਿਨਾਂ ਤੋਂ ਚੰਗਿਆੜੇ ਨਿਕਲ ਰਹੇ ਹਨ ਪਰ ਅੱਜ ਅਟਾਰੀ ਬਾਜ਼ਾਰ ਵਿਚ ਇੰਨੇ ਭਿਆਨਕ ਚੰਗਿਆੜੇ ਨਿਕਲੇ ਜਿਸ ਕਾਰਨ ਰਾਹਗੀਰਾਂ ਦਾ ਉਥੋਂ ਲੰਘਣਾ ਮੁਸ਼ਕਲ ਹੋ ਗਿਆ। ਇਸ ਤਰ੍ਹਾਂ ਚੰਗਿਆੜੇ ਨਿੱਕਲ ਰਹੇ ਸਨ ਜਿਵੇਂ ਕਿ ਪਟਾਕਾ ਅਨਾਰ ਚੱਲ ਰਿਹਾ ਹੋਵੇ। ਦਿਨ ਦੇ ਸਮੇਂ ਦੁਕਾਨਦਾਰ ਜਿਵੇਂ ਕਿਵੇਂ ਇਸ ਤੋਂ ਬਚ ਜਾਂਦੇ ਹਨ ਪਰ ਰਾਤ ਦੇ ਸਮੇਂ ਤਿਰਪਾਲ ਜਾਂ ਕਿਸੇ ਹੋਰ ਸਾਮਾਨ ਨੂੰ ਅੱਗ ਲੱਗ ਜਾਂਦੀ ਤਾਂ ਪੂਰਾ ਬਾਜ਼ਾਰ ਸੜ ਕੇ ਸੁਆਹ ਹੋ ਸਕਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਅਟਾਰੀ ਬਾਜ਼ਾਰ ਵਿਚ ਭਿਆਨਕ ਅੱਗ ਲੱਗੀ ਸੀ, ਅੱਗ ਇੰਨੀ ਭਿਆਨਕ ਸੀ ਕਿ ਫੌਜ ਨੂੰ ਬੁਲਾਉਣਾ ਪਿਆ ਸੀ। ਬਾਜ਼ਾਰ ਬੇਹੱਦ ਤੰਗ ਸੀ ਜਿਸ ਕਾਰਨ ਐਂਬੂਲੈਂਸ ਨੂੰ ਫੌਜ ਦੀ ਮੱਦਦ ਨਾਲ ਅੰਦਰ ਪਹੁੰਚਾਇਆ ਗਿਆ ਸੀ। ਹੋਲਸੇਲ ਪਟਾਕਾ ਵਪਾਰੀ ਬਲਦੇਵ ਬੱਲੂ ਨੇ ਕਿਹਾ ਕਿ ਪਾਵਰ ਨਿਗਮ ਨੂੰ ਇਸ ਵੱਲ ਧਿਆਨ ਦੇ ਕੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿਸੇ ਤਰ੍ਹਾਂ ਦੇ ਹਾਦਸੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦਾ ਹੱਲ ਨਾ ਹੋਣ ’ਤੇ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸਦੇ ਲਈ ਪਾਵਰ ਨਿਗਮ ਜ਼ਿੰਮੇਵਾਰ ਹੋਵੇਗਾ।