ਸਮਰਾਲਾ: ਚੋਰਾਂ ’ਤੇ ਨਹੀ ''ਕਰਫਿਊ'' ਲਾਗੂ, ਪਿੰਡਾਂ ''ਚੋਂ ਚੋਰੀ ਕੀਤੇ 4 ਟਰਾਂਸਫਾਰਮਰ
Wednesday, May 06, 2020 - 02:48 PM (IST)
ਸਮਰਾਲਾ (ਗਰਗ) : ਪੰਜਾਬ 'ਚ ਕਰਫਿਊ ਲਾਗੂ ਹੋਣ ਕਾਰਨ ਜਿਥੇ ਆਮ ਆਦਮੀ ਪੁਲਸ ਦੀਆਂ ਡਾਂਗਾ ਤੋਂ ਡਰਦਾ ਜ਼ਰੂਰੀ ਕੰਮ ਲਈ ਵੀ ਘਰ ’ਚੋਂ ਬਾਹਰ ਨਿਕਲਣ ਤੋਂ ਡਰਦਾ ਹੈ, ਉਥੇ ਚੋਰਾਂ ’ਤੇ ਇਸ ਕਰਫਿਊ ਦਾ ਕੋਈ ਅਸਰ ਨਹੀਂ ਅਤੇ ਉਹ ਬੜੇ ਆਰਾਮ ਨਾਲ ਇਲਾਕੇ ’ਚ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਲੱਗੇ ਹੋਏ ਹਨ। ਬੀਤੀ ਰਾਤ ਪਿੰਡ ਉਟਾਲਾਂ ਵਿਖੇ ਚੋਰ ਗਿਰੋਹ ਨੇ ਬਿਜ਼ਲੀ ਟਰਾਂਸਫਾਰਮਰ ਚੋਰੀ ਕਰਦੇ ਹੋਏ ਪਹਿਲਾ ਤੋਂ ਹੀ ਆਰਥਿਕ ਤੰਗੀ ਝੱਲ ਰਹੇ ਬਿਜਲੀ ਬੋਰਡ ’ਤੇ 50-60 ਹਜ਼ਾਰ ਰੁਪਏ ਦਾ ਨਵਾਂ ਬੋਝ ਪਾ ਦਿੱਤਾ ਹੈ।
ਇਸ ਤੋਂ ਪਹਿਲਾ ਚੋਰ ਗਿਰੋਹ ਨੇ ਨੇੜਲੇ ਪਿੰਡ ਰਾਜੇਵਾਲ ਵਿਖੇ ਵੀ ਤਿੰਨ ਹੋਰ ਟਰਾਂਸਫਾਰਮਰ ਚੋਰੀ ਕਰ ਲਏ ਸਨ, ਜਿਸ ਨਾਲ ਵਿਭਾਗ ਨੂੰ ਕਰੀਬ ਉੱਥੇ ਵੀ 1 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਝੱਲਣਾ ਪੈ ਗਿਆ ਹੈ। ਜਦੋਂ ਇਸ ਸੰਬੰਧ ’ਚ ਪਾਵਰਕਾਮ ਦੇ ਜੇ. ਈ. ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਇਲਾਕੇ 'ਚੋਂ ਚਾਰ ਟਰਾਂਸਫਾਰਮਰ ਚੋਰੀ ਹੋਣ ਦੀ ਪੁਸ਼ਟੀ ਕੀਤੀ। ਉਸ ਨੇ ਕਿਹਾ ਕਿ ਪੁਲਸ ਨੂੰ ਪਿੰਡ ਰਾਜੇਵਾਲ ਵਿਖੇ 10 ਦਿਨ ਪਹਿਲਾ 3 ਟਰਾਂਸਫਾਰਮ ਚੋਰੀ ਹੋਣ ਦੀ ਸ਼ਿਕਾਇਤ ਪਹਿਲਾ ਹੀ ਕੀਤੀ ਹੋਈ ਹੈ ਅਤੇ ਹੁਣ ਪਿੰਡ ਉਟਾਲਾਂ ਵਿਖੇ ਵੀ ਇਕ ਹੋਰ ਟਰਾਂਸਫਾਰਮਰ ਦੇ ਚੋਰੀ ਹੋ ਜਾਣ ਬਾਰੇ ਪੁਲਸ ਨੂੰ ਇਤਲਾਹ ਭੇਜ ਦਿੱਤੀ ਗਈ ਹੈ। ਚਾਰ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਹੋਈ ਬੰਦ
ਉਟਾਲਾਂ ਪਿੰਡ ’ਚ ਚੋਰੀ ਹੋਏ ਟਰਾਂਸਫਾਰਮਰ ਨਾਲ ਇਸ ਇਲਾਕੇ ਦੇ ਮੇਨ ਵਾਟਰ ਟੈਂਕ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ, ਜਿਸ ਨਾਲ ਹੁਣ ਇਲਾਕੇ ਦੇ ਚਾਰ ਪਿੰਡਾਂ ਉਟਾਲਾਂ, ਬਘੌਰ, ਮਾਣਕੀ ਅਤੇ ਭੰਗਲਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਲਾਕ ਡਾਊਨ ਦੌਰਾਨ ਗਰਮੀ ਦੇ ਇਸ ਮੌਸਮ 'ਚ ਇਨ੍ਹਾਂ ਪਿੰਡਾਂ ਦੇ ਲੋਕ ਹੁਣ ਪੀਣ ਵਾਲੇ ਪਾਣੀ ਨੂੰ ਵੀ ਤਰਸ ਜਾਣਗੇ। ਜੇ. ਈ. ਗੁਰਮੇਲ ਸਿੰਘ ਨੂੰ ਜਦੋਂ ਨਵਾਂ ਟਰਾਂਸਫਾਰਮਰ ਲਗਾਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ 'ਚ ਹਾਲੇ ਕੁਝ ਦਿਨ ਲੱਗ ਸਕਦੇ ਹਨ ਕਿਉਂਕਿ ਚੋਰੀ ਹੋਏ ਟਰਾਂਸਫਾਰਮਰ ਸੰਬੰਧੀ ਕਾਨੂੰਨੀ ਅਤੇ ਦਫ਼ਤਰੀ ਕਾਰਵਾਈ ਮਗਰੋਂ ਉਨ੍ਹਾਂ ਨੂੰ ਨਵਾਂ ਟਰਾਂਸਫਾਰਮਰ ਰੋਪੜ ਤੋਂ ਜਾਰੀ ਹੋਣਾ ਹੈ, ਜਿਸ 'ਚ ਸਮਾਂ ਤਾਂ ਲੱਗੇਗਾ ਹੀ। ਪੁੱਛਣ ’ਤੇ ਉਨ੍ਹਾਂ ਇਹ ਵੀ ਦੱਸਿਆ ਕਿ ਲਾਕ ਡਾਊਨ ਕਾਰਨ 10 ਦਿਨ ਪਹਿਲਾ ਚੋਰੀ ਹੋਏ ਟਰਾਂਸਫਾਰਮਰ ਵੀ ਅਜੇ ਲਗਾਏ ਨਹੀਂ ਜਾ ਸਕੇ।