ਰੂੰ ਦਾ ਭਰਿਆ ਟਰਾਲਾ ਟਰਾਂਸਫਾਰਮਰ ਨਾਲ ਟਕਰਾਇਆ, ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਨੁਕਸਾਨ
Wednesday, Mar 22, 2023 - 02:01 PM (IST)
ਤਪਾ ਮੰਡੀ (ਸ਼ਾਮ,ਗਰਗ) : ਬੁੱਧਵਾਰ ਤੜਕੇ 3 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਡੇਰਾ ਬਾਬਾ ਇੰਦਰ ਦਾਸ ਨੇੜੇ ਰੂੰ ਦੀਆਂ ਗੱਠਾਂ ਦਾ ਭਰਿਆਂ ਟਰਾਲਾ ਪਾਵਰਕਾਮ ਦੇ ਲੱਗੇ ਖੰਭੇ ’ਤੇ ਲੱਗੇ ਟਰਾਂਸ਼ਫਾਰਮਰ ’ਚ ਜਾ ਵੱਜਾ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ ਅਤੇ ਟਰਾਲੇ ’ਚ ਪਈਆਂ ਰੂੰ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਇਸ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਟਰੱਕ ਚਾਲਕ ਜ਼ਖਮੀ ਹੋ ਗਿਆ। ਹਸਪਤਾਲ ਤਪਾ ’ਚ ਜੇਰੇ ਇਲਾਜ ਚਾਲਕ ਹਰਬੰਸ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਲੰਮੇ ਜੱਟਪੁਰਾ ਘੋੜੇ ਟਰਾਲੇ ’ਤੇ ਮਹਾਰਾਸ਼ਟਰ ਤੋਂ ਰੂੰ ਦੀਆਂ ਗੱਠਾਂ ਭਰ ਕੇ ਬਠਿੰਡਾ ਜਾ ਰਿਹਾ ਸੀ ਜਦ ਤਪਾ ਦਾ ਓਵਰਬ੍ਰਿੱਜ ਚੜਿਆ ਤਾਂ ਸਰਵਿਸ ਲਾਈਨ ਮੋੜਨ ਸਮੇਂ ਘੋੜਾ ਟਰਾਲਾ ਬੇਕਾਬੂ ਹੋ ਕੇ ਖੰਭੇ ਤੇ ਟਰਾਂਸਫਾਰਮਰ ’ਚ ਜਾ ਵੱਜਾ ਤਾਂ ਟਰਾਂਸਫਾਰਮਰ ਰੂੰ ਦੀਆਂ ਗੱਠਾਂ ’ਤੇ ਡਿੱਗਣ ਕਾਰਨ ਬਿਜਲੀ ਸਪਾਰਕਿੰਗ ਨਾਲ ਰੂੰ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਨੇੜਲੇ ਖੇਤਾਂ ’ਚ ਕੰਮ ਕਰਦੇ ਕਿਸਾਨਾਂ-ਮਜ਼ਦੂਰਾਂ ਨੇ ਤੁਰੰਤ ਪਹੁੰਚ ਕੇ ਚਾਲਕ ਨੂੰ ਕੈਬਿਨ ’ਚੋਂ ਬਾਹਰ ਕੱਢ ਕੇ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ, ਫਾਇਰ ਬ੍ਰਿਗੇਡ, ਪੁਲਸ ਅਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮੌਕੇ ’ਤੇ ਪੁੱਜੇ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਰਾਹੀਂ ਚਾਲਕ ਹਰਬੰਸ ਸਿੰਘ ਨੂੰ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ। ਪਾਵਰਕਾਮ ਦੇ ਜੇ. ਈ ਪਰਗਟ ਸਿੰਘ ਨੇ ਬਿਜਲੀ ਸਪਲਾਈ ਬੰਦ ਕਰਵਾਈ। ਫਾਇਰ ਬ੍ਰਿਗੇਡ ਤਪਾ ਅਤੇ ਬਰਨਾਲਾ ਤੋਂ ਫਾਇਰ ਮੈਨ ਗੁਰਨਿੰਦਰ ਸਿੰਘ, ਡਰਾਇਵਰ ਮਨਦੀਪ ਸਿੰਘ ਅਤੇ ਬਰਨਾਲਾ ਤੋਂ ਫਾਇਰ ਮੈਨ ਸਨਪ੍ਰੀਤ ਸਿੰਘ ਅਤੇ ਡਰਾਇਵਰ ਜਸਵਿੰਦਰ ਸਿੰਘ ਦੀ ਅਗਵਾਈ ’ਚ ਘੋੜੇ ਟਰਾਲੇ ਸਮੇਤ ਰੂੰ ਦੀਆਂ ਗੱਠਾਂ ਨੂੰ ਲੱਗੀ ਅੱਗ ਨੂੰ ਭਾਰੀ ਜਦੋ-ਜਹਿਦ ਤੋਂ ਬਾਅਦ ਕਾਬੂ ਪਾਇਆ। ਉਧਰ ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ, ਸਹਾਇਕ ਥਾਣੇਦਾਰ ਗਿਆਨ ਸਿੰਘ, ਹੌਲਦਾਰ ਗੁਰਪਿਆਰ ਸਿੰਘ ਅਤੇ ਬਲਜੀਤ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਲੱਗੇ ਟਰੈਫਿਕ ਜਾਮ ਨੂੰ ਖੁਲ੍ਹਵਾਇਆ। ਇਸ ਘਟਨਾ ’ਚ ਘੋੜਾ ਟਰਾਲਾ ਅਤੇ ਰੂੰ ਮੱਚ ਕੇ ਸੁਆਹ ਹੋ ਗਿਆ ਜਿਸ ’ਚ ਮਾਲਕ ਦਾ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਹਾਜ਼ਰ ਲੋਕਾਂ ਦਾ ਕਹਿਣਾ ਹੈ ਜੇ ਮੌਕੇ ’ਤੇ ਚਾਲਕ ਨੂੰ ਕੈਬਿਨ ’ਚੋਂ ਨਾ ਕੱਢਿਆ ਜਾਂਦਾ ਤਾਂ ਆਰਥਿਕ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਹੋ ਜਾਣਾ ਸੀ।