ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੀਆਂ ਰੇਲਵੇ ਲਾਈਨਾਂ ਹੋਈਆਂ ਖਾਲੀ : ਪੰਜਾਬ ਸਰਕਾਰ
Friday, Nov 06, 2020 - 09:12 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਦੇ ਜ਼ੋਰ ਦੇਣ 'ਤੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਸਾਰੀਆਂ ਰੇਲਵੇ ਲਾਈਨਾਂ ਨੂੰ ਖਾਲੀ ਕਰ ਦਿੱਤਾ ਹੈ ਤਾਂ ਜੋ ਪੰਜਾਬ ਭਰ ਵਿਚ ਮਾਲ ਗੱਡੀਆਂ ਦੀ ਢੋਆ-ਢੁਆਈ ਨਿਰਵਘਨ ਰੂਪ ਵਿੱਚ ਬਹਾਲ ਕੀਤੀ ਜਾ ਸਕੇ। ਇਸ ਸਬੰਧ ਵਿਚ ਕਿਸਾਨਾਂ ਵੱਲੋਂ ਮੁਜ਼ਾਹਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਤਾਂ ਜੋ ਮਾਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚੱਲ ਸਕਣ।
ਇਹ ਵੀ ਪੜ੍ਹੋ : ਨਕਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਵਿਅਕਤੀ ਗ੍ਰਿਫਤਾਰ
ਇਹ ਜਾਣਕਾਰੀ ਦਿੰਦਿਆਂ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਅੰਦਰ ਰੇਲ ਮਾਲ ਗੱਡੀਆਂ ਦੀ ਨਿਰਵਿਘਨ ਆਵਾਜਾਈ ਲਈ ਸਾਰੇ ਪੰਜਾਬ ਰਾਜ 'ਚ ਰੇਲਵੇ ਟਰੈਕ ਇਸ ਸਮੇਂ ਬਿਲਕੁਲ ਖਾਲੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ 'ਚ ਜੰਡਿਆਲਾ ਵਿਖੇ ਸਿਰਫ ਇਕ ਰੇਲਵੇ ਪਲੇਟਫਾਰਮ 'ਤੇ ਕਿਸਾਨ ਯੂਨੀਅਨ ਦੇ ਕਾਰਕੁੰਨ ਮੌਜੂਦ ਹਨ, ਜਿਸ ਲਈ ਆਈਜੀ ਬਾਰਡਰ ਰੇਂਜ ਅਤੇ ਐਸ.ਐਸ.ਪੀ. ਅੰਮ੍ਰਿਤਸਰ ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਰੇਲਵੇ ਪਲੇਟਫਾਰਮ ਖਾਲੀ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਭਰ 'ਚ ਮਾਲਗੱਡੀਆਂ ਦੀ ਆਵਾਜਾਈ ਨਿਰੰਤਰ ਹੋਣ ਤੋਂ ਕੁਝ ਦਿਨ ਬਾਅਦ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਵੀ ਸੰਭਵ ਹੋ ਸਕੇਗੀ ਕਿਉਂਕਿ ਮੰਤਰੀਆਂ ਦੀ ਕਮੇਟੀ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਕੇ ਵਡੇਰੇ ਲੋਕ ਹਿੱਤਾਂ ਲਈ ਯਾਤਰੀ ਰੇਲ ਗੱਡੀਆਂ ਦੀ ਸੁਚਾਰੂ ਆਵਾਜਾਈ ਚਾਲੂ ਕਰਵਾਉਣ ਸਬੰਧੀ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਬੋਰਡ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰ 21 ਸਥਾਨਾਂ 'ਤੇ ਮੌਜੂਦ ਸਨ ਪਰ ਹੁਣ ਉਨ੍ਹਾਂ ਥਾਂਵਾਂ ਨੂੰ ਮਾਲ ਗੱਡੀਆਂ ਦੀ ਢੋਆ-ਢੁਆਈ ਲਈ ਖਾਲੀ ਕਰ ਦਿੱਤਾ ਗਿਆ ਹੈ।