PAU ਲਾਇਬ੍ਰੇਰੀ ''ਚ ''ਕੋਹਾ ਪਲੇਟਫਾਰਮ ਦੀ ਵਰਤੋਂ'' ਬਾਰੇ ਹੋਇਆ ਸਿਖਲਾਈ ਪ੍ਰੋਗਰਾਮ

03/20/2019 4:10:53 PM

ਲੁਧਿਆਣਾ-ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਨੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ ਨਾਲ ਸਾਂਝੇ ਤੌਰ ਤੇ 'ਕੋਹਾ ਪਲੇਟਫਾਰਮ ਦੀ ਵਰਤੋਂ ਰਾਹੀਂ ਰਾਸ਼ਟਰੀ ਖੇਤੀ ਖੋਜ ਅਤੇ ਸਿੱਖਿਆ ਪ੍ਰਬੰਧ 'ਚ ਡਿਜ਼ੀਟਲ ਲਾਇਬ੍ਰੇਰੀ ਦੀ ਮਜ਼ਬੂਤੀ' ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਅਤੇ ਉਤਰੀ ਭਾਰਤ ਦੇ ਆਈ. ਸੀ. ਏ. ਆਰ. ਕੇਂਦਰਾਂ ਲਈ ਸੀ। ਇਸ ਦਾ ਮੁੱਖ ਉਦੇਸ਼ ਡਿਜ਼ੀਟਲ ਲਾਇਬ੍ਰੇਰੀਆਂ ਦੀ ਵਰਤੋਂ ਨੂੰ ਪਸਾਰਨਾ ਹੈ।

ਕੁੱਲ 31 ਸਿਖਿਆਰਥੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਲਾਇਬ੍ਰੇਰੀਆਂ ਦੀ ਡਿਜ਼ੀਟਲਾਈਜੇਸ਼ਨ ਦੀ ਪ੍ਰਕਿਰਿਆ ਅਤੇ ਕੋਹਾ ਪਲੇਟਫਾਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਆਈ. ਸੀ. ਏ. ਆਰ, ਆਈ. ਏ. ਆਰ. ਆਈ, ਹੈਦਰਾਬਾਦ ਅਤੇ ਬਰੇਲੀ ਦੇ ਬਹੁਤ ਸਾਰੇ ਖੇਤੀ ਸੰਸਥਾਨਾਂ ਤੋਂ ਮਾਹਿਰ ਇਸ ਸਿਖਲਾਈ ਨਾਲ ਜੁੜੇ। 

ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪੀ. ਏ. ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਆਈ. ਸੀ. ਏ. ਆਰ. ਨੂੰ ਵਧਾਈ ਦਿੱਤੀ ਤੇ ਕਿਹਾ ਕਿ ਰਾਸ਼ਟਰੀ ਖੇਤੀ ਖੋਜ ਅਤੇ ਸਿੱਖਿਆ ਪ੍ਰਬੰਧ ਬਾਰੇ ਡਿਜ਼ੀਟਲ ਖੇਤੀ ਕੋਸ਼ ਵਿਕਸਿਤ ਕਰਨਾ ਇਤਿਹਾਸਕ ਮਹੱਤਵ ਵਾਲਾ ਕਾਰਜ ਹੈ। ਉਨਾਂ ਨੇ ਇਹ ਵੀ ਕਿਹਾ ਕਿ ਕੋਹਾ ਦੀ ਵਰਤੋਂ ਨਾਲ ਲਾਇਬ੍ਰੇਰੀ ਸੇਵਾਵਾਂ ਪਹਿਲਾਂ ਨਾਲੋਂ ਤੇਜ਼ ਅਤੇ ਬੇਹਤਰ ਹੋ ਜਾਣਗੀਆਂ।

ਕੋਹਾ ਦੀ ਵਰਤੋਂ ਨਾਲ ਜੁੜੇ ਜਾਣੇ-ਪਛਾਣੇ ਮਾਹਿਰ ਡਾ. ਜਤਿੰਦਰ ਕੁਮਾਰ ਨੇ ਸਿਖਿਆਰਥੀਆਂ ਨੂੰ ਸੰਬੰਧਤ ਵਿਸ਼ੇ ਬਾਰੇ ਆਪਣੇ ਵਿਚਾਰਾਂ ਤੋਂ ਜਾਣੂੰ ਕਰਵਾਇਆ। ਪ੍ਰੋਜੈਕਟ ਦੇ ਰਾਸ਼ਟਰੀ ਕੋਆਰਡੀਨੇਟਰ ਡਾ. ਆਰ. ਬੀ. ਸ਼ਰਮਾ ਸਮਾਪਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨਾਂ ਨੇ ਇਸ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਅਜੋਕੇ ਯੁੱਗ ਵਿੱਚ ਲਾਇਬ੍ਰੇਰੀ ਦੀ ਲਗਾਤਾਰ ਬਦਲ ਰਹੀ ਭੂਮਿਕਾ, ਨਵੀਆਂ ਲੋੜਾਂ ਅਤੇ ਡਿਜ਼ੀਟਲ ਦੌਰ 'ਚ ਨਵੀਆਂ ਤਕਨੀਕਾਂ ਦੇ ਧਾਰਨੀ ਹੋਣ ਲਈ ਸਿਖਿਆਰਥੀਆਂ ਨੂੰ ਪ੍ਰੇਰਿਤ ਕੀਤਾ।


Iqbalkaur

Content Editor

Related News