ਚੰਡੀਗੜ੍ਹ-ਮਦੁਰਈ ਐਕਸਪ੍ਰੈੱਸ ਦੇ ਇੰਜਨ ''ਚ ਫਸਿਆ ਝੋਟਾ

Saturday, Feb 24, 2018 - 07:58 AM (IST)

ਚੰਡੀਗੜ੍ਹ-ਮਦੁਰਈ ਐਕਸਪ੍ਰੈੱਸ ਦੇ ਇੰਜਨ ''ਚ ਫਸਿਆ ਝੋਟਾ

ਚੰਡੀਗੜ੍ਹ (ਲਲਨ) - ਰੇਲਵੇ ਟਰੈਕ 'ਤੇ ਆਵਾਰਾ ਘੁੰਮ ਰਿਹਾ ਇਕ ਝੋਟਾ ਚੰਡੀਗੜ੍ਹ-ਮਦੁਰਈ ਐਕਸਪ੍ਰੈੱਸ ਦੇ ਇੰਜਨ ਨਾਲ ਟਕਰਾ ਗਿਆ, ਜਿਸ ਕਾਰਨ ਟਰੇਨ ਨੂੰ ਰੋਕਣਾ ਪਿਆ। ਟਰੇਨ 3 ਘੰਟੇ ਰੇਲਵੇ ਟਰੈਕ 'ਤੇ ਖੜ੍ਹੀ ਰਹੀ। ਮੌਕੇ 'ਤੇ ਪਹੁੰਚੀ ਰੈਸਕਿਊ ਟੀਮ ਨੇ ਇੰਜਨ 'ਚ ਫਸੇ ਝੋਟੇ ਦੇ ਟੁਕੜੇ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਪਰ ਫਿਰ ਇੰਜਨ ਸਟਾਰਟ ਨਹੀਂ ਹੋਇਆ। 2 ਘੰਟਿਆਂ ਦੀ ਮੁਸ਼ੱਕਤ ਮਗਰੋਂ ਦੂਜਾ ਇੰਜਨ ਦੱਪਰ ਤੋਂ ਬੁਲਾਇਆ ਗਿਆ, ਤਾਂ ਜਾ ਕੇ ਟਰੇਨ ਰਵਾਨਾ ਹੋ ਸਕੀ। ਇਸ ਹਾਦਸੇ ਕਾਰਨ ਕਈ ਟਰੇਨਾਂ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਗਈਆਂ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਹ ਟਰੇਨ ਮਦੁਰਈ ਲਈ ਸਵੇਰੇ 7.50 ਵਜੇ ਰਵਾਨਾ ਹੋਈ ਸੀ। ਜਿਵੇਂ ਹੀ ਇਹ ਟਰੇਨ ਢਕੌਲੀ ਨੇੜੇ ਪਹੁੰਚੀ ਤਾਂ ਅਚਾਨਕ ਇਕ ਝੋਟਾ ਇੰਜਨ ਨਾਲ ਟਕਰਾ ਗਿਆ ਤੇ ਉਸਦਾ ਟੁਕੜਾ ਇੰਜਨ 'ਚ ਵੜ ਗਿਆ।
ਸੂਤਰਾਂ ਮੁਤਾਬਕ ਜਦੋਂ ਦਪੱਰ ਤੋਂ ਇੰਜਨ ਆਇਆ ਤਾਂ ਖਰਾਬ ਇੰਜਨ ਨੂੰ ਲੈ ਕੇ ਜਾਣ 'ਤੇ ਉਸਦੀ ਥਾਂ ਨਵਾਂ ਇੰਜਨ ਲਾਉਣ 'ਚ 2 ਘੰਟੇ ਲਗ ਗਏ। ਨਵਾਂ ਇੰਜਨ ਲਾ ਕੇ ਟਰੇਨ ਨੂੰ 10.50 ਵਜੇ ਢਕੌਲੀ ਤੋਂ ਚਲਾਇਆ ਗਿਆ। ਅਚਾਨਕ ਹਾਦਸਾ ਹੋਣ ਕਾਰਨ ਚੰਡੀਗੜ੍ਹ-ਅੰਬਾਲਾ ਵਿਚਕਾਰ ਪੂਰੇ ਟਰੈਕ 'ਤੇ ਹੀ ਜਾਮ ਲਗ ਗਿਆ। ਇਸਦੇ ਨਾਲ ਹੀ ਜਿਹੜੀ ਵੀ ਟਰੇਨ ਇਨ੍ਹਾਂ ਦੋਵੇਂ ਰੇਲਵੇ ਸਟੇਸ਼ਨਾਂ ਵਿਚਕਾਰ ਸੀ, ਉਥੇ ਹੀ ਰੋਕ ਦਿੱਤੀ ਗਈ। ਇਹੋ ਨਹੀਂ, ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਖਾਲੀ ਨਾ ਹੋਣ ਕਾਰਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਉਣ ਵਾਲੀ ਸੁਪਰਫਾਸਟ ਟਰੇਨ ਨੂੰ ਆਊਟਰ 'ਤੇ ਹੀ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਜੋ ਯਾਤਰੀ ਚੰਡੀਗੜ੍ਹ 9 ਵਜੇ ਪਹੁੰਚਣ ਵਾਲੇ ਸਨ, ਉਹ ਲੇਟ ਹੋ ਗਏ। ਕਾਲਕਾ ਤੋਂ ਅੰਬਾਲਾ ਜਾਣ ਵਾਲੀ ਪੈਸੇਂਜਰ ਟਰੇਨ ਵੀ ਆਪਣੇ ਤੈਅ ਸਮੇਂ ਤੋਂ ਕਈ ਘੰਟੇ ਲੇਟ ਚੱਲੀ। ਇਸਦੇ ਨਾਲ ਹੀ ਝੋਟਾ ਇੰਜਨ 'ਚ ਫਸਿਆ ਹੋਣ ਕਾਰਨ ਪੂਰਾ ਟ੍ਰੈਫਿਕ ਸਹੀ ਹੋਣ 'ਚ 3 ਘੰਟੇ ਦਾ ਸਮਾਂ ਲਗ ਗਿਆ।
ਜਨ ਸ਼ਤਾਬਦੀ ਤੇ ਬਾੜਮੇਰ ਸੁਪਰਫਾਸਟ ਵੀ ਹੋਈ ਲੇਟ
ਊਨਾ ਤੋਂ ਦਿੱਲੀ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ ਲੇਟ ਹੋਣ ਕਾਰਨ ਰੇਲਵੇ ਅਧਿਕਾਰੀਆਂ ਵਲੋਂ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਮਦੁਰਈ ਐਕਸਪ੍ਰੈੱਸ ਨੂੰ ਚਲਾਇਆ ਗਿਆ ਸੀ ਪਰ ਇਹ ਹਾਦਸਾ ਹੋਣ ਕਾਰਨ ਜਨ ਸ਼ਤਾਬਦੀ ਵੀ 3 ਘੰਟੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਹੀ ਖੜ੍ਹੀ ਰਹੀ। ਅੰਬਾਲਾ ਵਲੋਂ ਚੰਡੀਗੜ੍ਹ ਆਉਣ ਵਾਲੀ ਬਾੜਮੇਰ ਸੁਪਰਫਾਸਟ ਟਰੇਨ ਨੂੰ ਵੀ ਦੱਪਰ ਰੇਲਵੇ ਸਟੇਸ਼ਨ 'ਤੇ ਰੋਕ ਲਿਆ ਗਿਆ, ਜਦੋਂ ਦੁਬਾਰਾ ਮਦੁਰਈ ਐਕਸਪ੍ਰੈੱਸ ਦੱਪਰ ਪਹੁੰਚ ਗਈ ਤਾਂ ਬਾੜਮੇਰ ਸੁਪਰਫਾਸਟ ਨੂੰ ਚਲਾਇਆ ਗਿਆ।
ਡਬਲ ਟਰੈਕ ਹੁੰਦਾ ਤਾਂ ਨਾ ਹੁੰਦੀ ਪ੍ਰੇਸ਼ਾਨੀ
ਰੇਲਵੇ ਵਲੋਂ ਚੰਡੀਗੜ੍ਹ-ਅੰਬਾਲਾ ਵਿਚਕਾਰ ਡਬਲ ਟਰੈਕ ਬਣਾਉਣ ਦਾ ਕੰਮ ਲਗਭਗ 2 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਪਰ ਅਜੇ ਤਕ ਡਬਲ ਟਰੈਕ ਦਾ ਕੰਮ ਪੂਰਾ ਨਹੀਂ ਹੋ ਸਕਿਆ ਜੇਕਰ ਡਬਲ ਟਰੈਕ ਬਣਿਆ ਹੁੰਦਾ ਤਾਂ ਅੱਜ ਝੋਟੇ ਕਾਰਨ ਹੋਏ ਹਾਦਸੇ ਨਾਲ ਕੋਈ ਫਰਕ ਨਾ ਪੈਂਦਾ ਤੇ ਟਰੇਨਾਂ ਤੈਅ ਸਮੇਂ 'ਤੇ ਹੀ ਚੱਲਦੀਆਂ।


Related News