ਪੰਜਾਬ 'ਚ ਰੇਲ ਗੱਡੀ 'ਤੇ ਫਿਰ ਹੋਇਆ ਪਥਰਾਅ, ਸ਼ੀਸ਼ਾ ਤੋੜ ਨੌਜਵਾਨ ਦੇ ਮੂੰਹ 'ਤੇ ਵੱਜਾ ਪੱਥਰ
Thursday, Jul 18, 2024 - 06:28 PM (IST)
ਦੋਰਾਹਾ (ਵਿਨਾਇਕ) : ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਦਿੱਲੀ-ਪਠਾਨਕੋਟ ਐਕਸਪ੍ਰੈੱਸ 'ਤੇ ਅਣਪਛਾਤਿਆਂ ਵਲੋਂ ਪਥਰਾਅ ਕਰ ਦਿੱਤਾ ਗਿਆ। ਦੋਰਾਹਾ ਰੇਲਵੇ ਸਟੇਸ਼ਨ ਨੇੜੇ ਇਹ ਘਟਨਾ ਵਾਪਰੀ ਹੈ। ਇਕ ਪੱਥਰ ਟ੍ਰੇਨ ਦਾ ਸ਼ੀਸ਼ਾ ਤੋੜ ਕੇ ਅੰਦਰ ਬੈਠੇ ਨੌਜਵਾਨ ਦੇ ਮੂੰਹ 'ਤੇ ਜਾ ਲੱਗਾ, ਜਿਸ ਕਾਰਣ ਪਾਣੀਪਤ ਦਾ ਰਹਿਣ ਵਾਲਾ ਯਾਤਰੀ ਯੁਵਰਾਜ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਉਤਾਰਨਾ ਪਿਆ ਅਤੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹ 'ਤੇ ਗੰਭੀਰ ਸੱਟ ਲੱਗੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਦੀ ਪੇਸ਼ੀ ਨੂੰ ਲੈ ਕੇ ਦੇਖੋ ਕੀ ਬੋਲੇ ਬਿਕਰਮ ਮਜੀਠੀਆ
ਮਿਲੀ ਜਾਣਕਾਰੀ ਮੁਤਾਬਕ ਯੁਵਰਾਜ ਸਿੰਘ ਆਪਣੀ ਮਾਂ ਸੁਖਵਿੰਦਰ ਕੌਰ ਅਤੇ ਰਿਸ਼ਤੇਦਾਰ ਕਵਲਜੀਤ ਸਿੰਘ ਸਮੇਤ ਰੇਲ ਗੱਡੀ ਵਿਚ ਸਵਾਰ ਸੀ। ਜਿਵੇਂ ਹੀ ਗੱਡੀ ਦੋਰਾਹਾ ਰੇਲਵੇ ਸਟੇਸ਼ਨ ਤੋਂ ਨਿਕਲੀ ਤੋਂ ਬਾਹਰੋਂ ਅਣਪਛਾਤਿਆਂ ਵੱਲੋਂ ਗੱਡੀ 'ਤੇ ਪਥਰਾਅ ਕਰ ਦਿੱਤਾ ਗਿਆ। ਇਕ ਪੱਥਰ ਖਿੜਕੀ ਦਾ ਸ਼ੀਸ਼ਾ ਤੋੜਦਾ ਹੋਇਆ ਸਿੱਧਾ ਯੁਵਰਾਜ ਦੇ ਮੂੰਹ 'ਤੇ ਜਾ ਵੱਜਾ। ਪੱਥਰ ਵੱਜਣ ਕਾਰਣ ਯੁਵਰਾਜ ਦੇ ਦੰਦ ਟੁੱਟ ਗਏ ਅਤੇ ਬੁੱਲ੍ਹ ਵੀ ਫਟ ਗਿਆ, ਜਿਸ ਕਾਰਣ ਯੁਵਰਾਜ ਲਹੂ-ਲੁਹਾਨ ਹੋ ਗਿਆ। ਯੁਵਰਾਜ ਦੇ ਰਿਸ਼ਤੇਦਾਰ ਕਵਲਜੀਤ ਸਿੰਘ ਟ੍ਰੇਨ ਗਾਰਡ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਟ੍ਰੇਨ ਗਾਰਡ ਫਸਟਏਡ ਕਿੱਟ ਲੈ ਕੇ ਆਇਆ ਅਤੇ ਯੁਵਰਾਜ ਨੂੰ ਮੁੱਢਲੀ ਸਹਾਇਤਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਮਹਿਲਾ ਸਮੇਤ ਕੀਤਾ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਜੀ. ਆਰ. ਪੀ. ਥਾਣਾ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਪਹੁੰਚੇ। ਉਥੇ ਪੀੜਤ ਨੌਜਵਾਨ ਬੋਲਣ ਦੀ ਹਾਲਤ ਵਿਚ ਨਹੀਂ ਸੀ। ਰੇਲਵੇ ਪੁਲਸ ਨੇ ਫਿਲਹਾਲ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਹੈਪੀ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਚ ਆਇਆ ਨਵਾਂ ਮੋੜ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8