ਕੇਂਦਰੀ ਵਿੱਤ ਮੰਤਰੀ ਦੇ ਕਾਫਲੇ ''ਚ ਚੱਲ ਰਹੀ ਜੈਮਰ ਗੱਡੀ ਨਾਲ ਟਕਰਾਇਆ ਟਰਾਲਾ
Saturday, Feb 24, 2018 - 02:32 AM (IST)

ਅੰਮ੍ਰਿਤਸਰ, (ਸੰਜੀਵ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਕਾਫਲੇ 'ਚ ਅੱਗੇ ਚੱਲ ਰਹੀ ਜੈਮਰ ਗੱਡੀ ਨਾਲ ਵੱਲਾ-ਵੇਰਕਾ ਬਾਈਪਾਸ 'ਤੇ ਇਕ ਤੇਜ਼ ਰਫਤਾਰ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੈਮਰ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਅਤੇ ਉਸ ਦੀ ਛੱਤ 'ਤੇ ਲੱਗਾ ਅਨਟੀਨਾ ਵੀ ਟੁੱਟ ਗਿਆ। ਹਾਲਾਂਕਿ ਇਸ ਦੌਰਾਨ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਕੇਂਦਰੀ ਵਿੱਤ ਮੰਤਰੀ ਦੀ ਗੱਡੀ ਠੀਕ ਜੈਮਰ ਦੇ ਪਿੱਛੇ ਸੀ, ਜਿਸ ਦੇ ਡਰਾਈਵਰ ਨੇ ਗੱਡੀ ਨੂੰ ਪੂਰੀ ਤਰ੍ਹਾਂ ਸੰਤੁਲਿਤ ਕਰ ਲਿਆ। ਹਾਦਸੇ ਉਪਰੰਤ ਚਾਲਕ ਟਰਾਲਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਕੇਂਦਰੀ ਵਿੱਤ ਮੰਤਰੀ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆਏ ਹੋਏ ਸਨ।
ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਬਾਈਪਾਸ 'ਤੇ ਸਥਿਤ ਰਿਜ਼ਾਰਟ ਤੋਂ ਸਮਾਰੋਹ ਉਪਰੰਤ ਵਾਪਸ ਗਰੀਨ ਐਵੀਨਿਊ ਸਥਿਤ ਆਪਣੇ ਘਰ ਨੂੰ ਪਰਤਣ ਲੱਗੇ, ਜਿਵੇਂ ਹੀ ਉਨ੍ਹਾਂ ਦਾ ਕਾਫਲਾ ਰਿਜ਼ਾਰਟ ਤੋਂ ਬਾਹਰ ਨਿਕਲਿਆ ਅਤੇ ਬਾਈਪਾਸ ਵੱਲ ਮੁੜਿਆ ਤਾਂ ਵੱਲਾ ਤੋਂ ਆ ਰਿਹਾ ਤੇਜ਼ ਰਫਤਾਰ ਟਰਾਲਾ ਜੈਮਰ ਗੱਡੀ ਨਾਲ ਟਕਰਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਚੌਕੀ ਵੱਲਾ ਦਾ ਇੰਚਾਰਜ ਪੁਲਸ ਬਲ ਨਾਲ ਮੌਕੇ 'ਤੇ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੁਰਘਟਨਾ ਵਿਚ ਜੈਮਰ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।
ਕੀ ਕਹਿਣਾ ਹੈ ਪੁਲਸ ਦਾ?
ਚੌਕੀ ਵੱਲਾ ਦੇ ਇੰਚਾਰਜ ਐੱਸ. ਆਈ. ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਜੈਮਰ ਗੱਡੀ ਦੇ ਚਾਲਕ ਕਾਂਸਟੇਬਲ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਟਰਾਲਾ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਬਾਈਪਾਸ 'ਤੇ ਹਨੇਰਾ ਹੋਣ ਕਾਰਨ ਟਰਾਲੇ ਦਾ ਨੰਬਰ ਪੜ੍ਹਿਆ ਨਹੀਂ ਜਾ ਸਕਿਆ। ਪੁਲਸ ਇਸ ਬਾਰੇ ਜਾਂਚ ਕਰ ਰਹੀ ਹੈ।