ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
Sunday, Apr 24, 2022 - 11:41 PM (IST)

ਬੁਢਲਾਡਾ (ਬਾਂਸਲ) : ਨਜ਼ਦੀਕੀ ਪਿੰਡ ਰਾਮਪੁਰ ਮੰਡੇਰ ਕੋਲ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਚਾਲਕ ਕੁਲਵੰਤ ਸਿੰਘ, ਜੋ ਬੁਢਲਾਡਾ ਤੋਂ ਬੋਹਾ ਵੱਲ ਜਾ ਰਿਹਾ ਸੀ, ਦੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨਾਲ ਸਿੱਧੀ ਟੱਕਰ ਹੋ ਗਈ। ਇਸ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਗਗਨਦੀਪ ਸਿੰਘ ਅਤੇ ਬੀਰਬਲ ਸਿੰਘ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ADGP ਟਰੈਫਿਕ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਵਾਲਾ ਫ਼ੈਸਲਾ ਲਿਆ ਵਾਪਸ
ਬੀਰਬਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਦੋਵਾਂ ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਬੀਰਬਲ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕੁਲਵੰਤ ਸਿੰਘ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਦਾ ਸੈਂਪਲ ਲੈ ਕੇ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਇਸ ਸਬੰਧੀ ਥਾਣਾ ਬੋਹਾ ਦੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਗਾਦੜਪੱਤੀ ਦੇ ਬਿਆਨ ’ਤੇ ਕੁਲਵੰਤ ਸਿੰਘ ਪੁੱਤਰ ਗੁਰਬਚਨ ਸਿੰਘ ਪਿੰਡ ਆਲਮਪੁਰ ਮੰਦਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ।