ਦਰਦਨਾਕ ਹਾਦਸਾ: ਬੇਕਾਬੂ ਟਰੈਕਟਰ-ਟਰਾਲੀ ਹੇਠ ਆ ਕੇ 20 ਸਾਲਾ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
Monday, Jul 14, 2025 - 11:27 PM (IST)

ਹਲਵਾਰਾ (ਲਾਡੀ) - ਨਜ਼ਦੀਕੀ ਪਿੰਡ ਧਾਲੀਆਂ 'ਚ ਲੰਘੀ ਰਾਤ ਇਕ ਦਰਦਨਾਕ ਸੜਕ ਹਾਦਸੇ 'ਚ 20 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਉਸ ਦਾ ਇਕ ਹੋਰ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੇਕਾਬੂ ਟਰੈਕਟਰ-ਟਰਾਲੀ ਨੇ ਦੋਨੋ ਨੌਜਵਾਨਾਂ ਨੂੰ ਰੌਂਦਣ ਤੋਂ ਬਾਅਦ ਬਿਜਲੀ ਦੇ ਖੰਭੇ ਤੇ ਮੀਟਰ ਬਕਸਾ ਤੋੜ ਕੇ ਸਿੱਧਾ ਇਕ ਘਰ 'ਚ ਦਾਖਲ ਹੋ ਗਿਆ।
ਪੁਲਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਜੋਂ ਹੋਈ ਹੈ। ਉਸ ਦੀ ਮਾਂ ਇੰਦਰਜੀਤ ਕੌਰ ਦੇ ਬਿਆਨਾਂ 'ਤੇ ਥਾਣਾ ਸੁਧਾਰ ਦੀ ਪੁਲਸ ਵੱਲੋਂ ਟਰੈਕਟਰ ਚਾਲਕ ਖਿਲਾਫ ਬੀ. ਐਨ. ਐਸ ਦੀ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧੀਨ ਲਿਆਏ ਟਰੈਕਟਰ ਚਾਲਕ ਦੀ ਪਛਾਣ ਕੁਲਦੀਪ ਸਿੰਘ ਉਰਫ ਕੀਪਾ ਵਾਸੀ ਧਾਲੀਆਂ ਵਜੋਂ ਹੋਈ ਹੈ।
ਇੰਦਰਜੀਤ ਕੌਰ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਕਰੀਬ 10 ਵਜੇ ਬਿਜਲੀ ਬੰਦ ਸੀ, ਜਿਸ ਕਾਰਨ ਤਰਨਪ੍ਰੀਤ ਸਿੰਘ ਅਤੇ ਉਸ ਦਾ ਇਕ ਮਿਤਰ ਸੜਕ ਕਿਨਾਰੇ ਟਹਿਲ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਦੋਨੋ ਨੂੰ ਜ਼ਬਰਦਸਤੀ ਟੱਕਰ ਮਾਰੀ। ਟੱਕਰ ਤੋਂ ਬਾਅਦ ਟਰੈਕਟਰ ਨੇ ਰਸਤੇ 'ਚ ਆ ਰਹੇ ਬਿਜਲੀ ਦੇ ਦੋ ਖੰਭੇ ਅਤੇ ਮੀਟਰ ਬਕਸਾ ਭੰਨ ਕੇ ਇਕ ਘਰ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਘਰ ਦਾ ਅੰਦਰਲਾ ਕਾਫੀ ਸਮਾਨ ਵੀ ਨੁਕਸਾਨਿਆ ਗਿਆ।
ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ ਹੈ। ਦੂਜੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਕਾਬੂ ਕਰਨ ਦੀ ਕਾਰਵਾਈ ਜਾਰੀ ਹੈ।