ਟ੍ਰੈਫਿਕ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੇਆਮ ਧੱਜੀਆਂ
Sunday, Dec 03, 2017 - 08:03 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਪੰਜਾਬ ਵਿਚ ਭਾਵੇਂ ਮੋਟਰ ਵ੍ਹੀਕਲ ਐਕਟ 2015 ਲਾਗੂ ਹੈ ਤੇ ਇਸ ਐਕਟ ਅਧੀਨ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਕਾਨੂੰਨ ਦੇ ਰਖਵਾਲੇ ਕਾਨੂੰਨ ਹੀ ਸਹੀ ਪਾਲਣਾ ਕਰਦੇ ਹਨ ਤੇ ਨਾ ਹੀ ਸੜਕਾਂ 'ਤੇ ਓਵਰਲੋਡਿਡ ਵਾਹਨ ਭਜਾਉਣ ਵਾਲੇ ਕਿਸੇ ਦੀ ਪ੍ਰਵਾਹ ਕਰਦੇ ਹਨ, ਜਿਸ ਕਰਕੇ ਸੜਕਾਂ 'ਤੇ ਮੌਤ ਬਣ ਕੇ ਦੌੜਦੇ ਨੇ ਓਵਰਲੋਡਿਡ ਵਾਹਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸੜਕਾਂ 'ਤੇ ਹਰ ਰੋਜ਼ ਹਾਦਸੇ ਵਾਪਰਦੇ ਹਨ ਅਤੇ ਮਨੁੱਖੀ ਖੂਨ ਨਾਲ ਧਰਤੀ ਲਾਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਜਿੰਨੇ ਕਸੂਰਵਾਰ ਸੜਕਾਂ 'ਤੇ ਓਵਰਲੋਡਿਡ ਵਾਹਨ ਚਲਾਉਣ ਵਾਲੇ ਲੋਕ ਹਨ, ਉਨਾ ਕਸੂਰਵਾਰ ਹੀ ਸਾਡਾ ਪ੍ਰਸ਼ਾਸਨ ਹੈ ਕਿਉਂਕਿ ਜੇਕਰ ਕਾਨੂੰਨ ਦਾ ਡੰਡਾ ਸਖਤ ਹੋਵੇ ਤਾਂ ਗਲਤੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਪਰ ਇਥੇ ਤਾਂ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡੀਆਂ ਜਾ ਰਹੀਆਂ ਹਨ।
ਓਵਰਲੋਡਿਡ ਵਾਹਨਾਂ 'ਤੇ ਲੱਦਿਆ ਸਾਮਾਨ ਹੈ ਨੁਕਸਾਨਦਾਇਕ
ਵਾਹਨਾਂ ਉਪਰ ਲੱਦ ਕੇ ਲਿਜਾਏ ਜਾ ਰਹੇ ਲੋਹੇ ਦੇ ਸਰੀਏ ਤੇ ਲੱਕੜਾਂ ਆਦਿ ਬੇਹੱਦ ਨੁਕਸਾਨਦਾਇਕ ਹਨ ਕਿਉਂਕਿ ਪਿਛੇ ਨੂੰ ਵਧੇ ਹੋਣ ਕਰਕੇ ਹਾਦਸੇ ਜ਼ਿਆਦਾ ਵਾਪਰਦੇ ਹਨ। ਰਾਤ ਵੇਲੇ ਤਾਂ ਅਜਿਹੇ ਵਾਹਨ ਸੜਕਾਂ 'ਤੇ ਹੋਰ ਵੀ ਖਤਰਨਾਕ ਸਾਬਤ ਹੋ ਨਿੱਬੜਦੇ ਹਨ। ਕਈ ਵਾਰ ਪਾਈਪਾਂ ਨਾਲ ਭਰੇ ਓਵਰਲੋਡਿਡ ਟਰੱਕ ਵੀ ਸੜਕਾਂ 'ਤੇ ਦਿਖਾਈ ਦਿੰਦੇ ਹਨ ਤੇ ਅਜਿਹੇ ਵਾਹਨਾਂ ਦੇ ਛੇਤੀ ਬਰੇਕ ਵੀ ਨਹੀਂ ਲੱਗਦੇ ਅਤੇ ਡਰਾਈਵਰ ਦੇ ਕੰਟਰੋਲ ਤੋਂ ਵੀ ਕੰਮ ਬਾਹਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਭਰੇ ਹੋਏ ਵਾਹਨਾਂ ਦੇ ਕਾਰਨ ਸੜਕਾਂ ਟੁੱਟਦੀਆਂ ਹਨ।
ਧੁੰਦ ਕਾਰਨ ਨਹੀਂ ਦਿਸਦੇ ਵਾਹਨ
ਠੰਡ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਧੁੰਦ ਪਹਿਲਾਂ ਵੀ ਪੈ ਚੁੱਕੀ ਤੇ ਅੱਗੋਂ ਫਿਰ ਪੈਣੀ ਹੈ। ਅਜਿਹੇ ਮੌਸਮ ਵਿਚ ਸੜਕਾਂ 'ਤੇ ਓਵਰਲੋਡਿਡ ਵਾਹਨ ਖਤਰਨਾਕ ਸਾਬਤ ਹੁੰਦੇ ਹਨ ਕਿਉਂਕਿ ਅੱਗੇ ਦਿੱਸਦਾ ਕੁਝ ਨਹੀਂ ਹੁੰਦਾ। ਸੜਕਾਂ ਦੇ ਕੰਢਿਆਂ 'ਤੇ ਖੜ੍ਹੇ ਅਜਿਹੇ ਵਾਹਨ ਵੀ ਨਿਰੀ ਮੌਤ ਹਨ।
ਟ੍ਰੈਫਿਕ ਪੁਲਸ ਕੱਟਦੀ ਹੈ ਚਲਾਨ : ਜ਼ਿਲਾ ਟ੍ਰੈਫਿਕ ਇੰਚਾਰਜ
ਜ਼ਿਲਾ ਟ੍ਰੈਫਿਕ ਇੰਚਾਰਜ ਮਲਕੀਤ ਸਿੰਘ ਨੇ ਕਿਹਾ ਕਿ ਓਵਰਲੋਡਿਡ ਵਾਹਨਾਂ ਦੇ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੱਟੇ ਜਾਂਦੇ ਹਨ ਤੇ ਮਾਣਯੋਗ ਅਦਾਲਤ ਵੱਲੋਂ ਜੁਰਮਾਨੇ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਕਾਨੂੰਨ ਦੀ ਪਾਲਣਾ ਕਰ ਰਹੀ ਹੈ।
