12 ਘੰਟਿਆਂ ''ਚ 24 ਵਾਰ ਲੱਗਦੈ ਬੱਸ ਸਟੈਂਡ ਕੋਲ ਜਾਮ
Saturday, Nov 11, 2017 - 01:10 PM (IST)
ਸੰਗਰੂਰ (ਵਿਵੇਕ, ਸਿੰਧਵਾਨੀ, ਯਾਦਵਿੰਦਰ)—ਰਿਆਸਤੀ ਸ਼ਹਿਰ ਸੰਗਰੂਰ 'ਚ ਬੱਸ ਸਟੈਂਡ ਕੋਲ ਦਿਨ ਵੇਲੇ ਕਈ-ਕਈ ਵਾਰ ਲੱਗੇ ਜਾਮ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਦੋਂਕਿ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ ਹੈ। ਸ਼ਹਿਰ ਵਿਚ ਨਵੇਂ ਬਣੇ ਬੱਸ ਸਟੈਂਡ 'ਚ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਸਾਂ ਆਉਂਦੀਆਂ-ਜਾਂਦੀਆਂ ਹਨ ਪਰ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਹੀ ਲਾਲ ਬੱਤੀ ਚੌਕ 'ਚ ਜਿਥੇ ਇਹ ਬੱਸਾਂ ਟਰੈਫਿਕ ਵਿਚ ਫਸ ਜਾਂਦੀਆਂ ਹਨ, ਉਥੇ ਕਈ ਵਾਰ ਇਨ੍ਹਾਂ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ।
ਬੱਸ ਸਟੈਂਡ ਦੇ ਬਿਲਕੁਲ ਨਾਲ ਸਥਿਤ ਲਾਲ ਬੱਤੀ ਚੌਕ ਅੱਜਕਲ ਟਰੈਫਿਕ ਜਾਮ ਵਾਲੇ ਚੌਕ ਨਾਲ ਵੀ ਮਸ਼ਹੂਰ ਹੋ ਰਿਹਾ ਹੈ ਕਿਉਂਕਿ 12 ਘੰਟਿਆਂ 'ਚ ਇਥੇ ਦਿਨ ਵਿਚ 24 ਵਾਰ ਜਾਮ ਲੱਗ ਜਾਂਦਾ ਹੈ। ਕਈ ਵਾਰ ਤਾਂ ਸਥਿਤੀ ਇਹ ਹੁੰਦੀ ਹੈ ਕਿ ਇਥੇ ਤਾਇਨਾਤ ਟਰੈਫਿਕ ਪੁਲਸ ਮੁਲਾਜ਼ਮਾਂ ਨੂੰ ਵੀ ਟਰੈਫਿਕ ਜਾਮ ਖੁੱਲ੍ਹਵਾਉਣ ਵਿਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਸ਼ਹਿਰ 'ਚ ਸਥਿਤ ਇਸ ਬੱਸ ਸਟੈਂਡ ਵਿਚ ਰੋਜ਼ਾਨਾ ਬਰਨਾਲਾ, ਬਠਿੰਡਾ, ਅਬੋਹਰ, ਧੂਰੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਸੁਨਾਮ, ਮਾਨਸਾ, ਲਹਿਰਾ, ਦਿੜ੍ਹਬਾ, ਪਾਤੜਾਂ, ਦਿੱਲੀ, ਲੌਂਗਾਵਾਲ ਤੋਂ ਸ਼ੇਰਪੁਰ ਨੂੰ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਬੱਸਾਂ ਨੂੰ ਇਸ ਚੌਕ ਵਿਚੋਂ ਹੀ ਲੰਘਣਾ ਪੈਂਦਾ ਹੈ ਅਤੇ ਇਸ ਚੌਕ ਦੇ ਆਲੇ-ਦੁਆਲੇ ਮੁੱਖ ਬਾਜ਼ਾਰ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਆਦਿ ਹੋਣ ਕਾਰਨ ਇਥੇ ਟਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਇਥੇ ਜਾਮ ਲੱਗਾ ਰਹਿੰਦਾ ਹੈ।
ਲਾਈਟਾਂ ਵੀ ਬਣੀਆਂ ਸ਼ੋਅਪੀਸ : ਕਹਿਣ ਨੂੰ ਤਾਂ ਇਹ ਚੌਕ ਲਾਈਟਾਂ ਵਾਲਾ ਚੌਕ ਹੈ ਪਰ ਲਾਲ ਬੱਤੀ ਤੋਂ ਇਹ ਲਾਈਟਾਂ ਖਰਾਬ ਪਈਆਂ ਹੋਣ ਕਾਰਨ ਇਹ ਸਿਰਫ ਨਾਂ ਦਾ ਹੀ ਲਾਈਟਾਂ ਵਾਲਾ ਚੌਕ ਰਹਿ ਗਿਆ ਹੈ। ਕਈ ਸਾਲ ਪਹਿਲਾਂ ਬੱਸ ਸਟੈਂਡ ਕਾਰਨ ਇਥੇ ਟਰੈਫਿਕ ਜ਼ਿਆਦਾ ਹੋਣ ਨਾਲ ਪ੍ਰਸ਼ਾਸਨ ਨੇ ਇਸ ਚੌਕ ਵਿਚ ਲਾਈਟਾਂ ਲਾ ਦਿੱਤੀਆਂ। ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਇਹ ਲਾਈਟਾਂ ਅੱਜ ਸ਼ੋਅਪੀਸ ਬਣ ਕੇ ਰਹਿ ਗਈਆਂ ਹਨ।
ਬੱਸ ਡਰਾਈਵਰ ਵੀ ਲਾਉਂਦੇ ਨੇ ਜਾਮ : ਬੱਸ ਸਟੈਂਡ ਤੋਂ ਨਿਕਲਣ ਵਾਲੀਆਂ ਕਈ ਬੱਸਾਂ ਦੇ ਡਰਾਈਵਰ ਅੱਡੇ 'ਚੋਂ ਬਾਹਰ ਆ ਕੇ ਹੋਰਨਾਂ ਸਵਾਰੀਆਂ ਨੂੰ ਚੜ੍ਹਾਉਣ ਲਈ ਕਈ ਵਾਰ ਬੱਸਾਂ ਬਾਹਰ ਬਹੁਤ ਹੌਲੀ ਕਰ ਲੈਂਦੇ ਹਨ, ਜਿਸ ਨਾਲ ਕਈ ਵਾਰ ਇਥੇ ਜਾਮ ਲੱਗ ਜਾਂਦਾ ਹੈ। ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਬੱਸਾਂ ਦੇ ਆਉਣ-ਜਾਣ ਲਈ ਚਾਹੇ ਦੋ ਗੇਟ ਹਨ ਪਰ ਬੱਸਾਂ ਦੇ ਹੌਲੀ ਹੋਣ ਨਾਲ ਅਕਸਰ ਇਥੇ ਟਰੈਫਿਕ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ।
ਕੀ ਕਹਿਣਾ ਹੈ ਜ਼ਿਲਾ ਟਰੈਫਿਕ ਇੰਚਾਰਜ ਦਾ?
ਜਦੋਂ ਇਸ ਸੰਬੰਧੀ ਜ਼ਿਲਾ ਟਰੈਫਿਕ ਇੰਚਾਰਜ ਸੁਖਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਬਾਹਰ ਅਕਸਰ ਲੋਕ ਆਪਣੇ ਵਾਹਨ ਖੜ੍ਹੇ ਕਰ ਕੇ ਅੰਦਰ ਚਲੇ ਜਾਂਦੇ ਹਨ ਤੇ ਬੱਸ ਡਰਾਈਵਰ ਵੀ ਅੱਡੇ ਦੇ ਬਾਹਰ ਬੱਸਾਂ ਹੌਲੀ ਕਰ ਲੈਂਦੇ ਹਨ, ਇਸ ਕਾਰਨ ਇਥੇ ਟਰੈਫਿਕ ਜਾਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਵੱਲੋਂ ਅੱਡੇ ਦੇ ਬਾਹਰ ਵਾਹਨ ਨਾ ਖੜ੍ਹੇ ਕਰਨ ਸੰਬੰਧੀ ਫਲੈਕਸ ਬੋਰਡ ਲਾਏ ਜਾ ਰਹੇ ਹਨ ਅਤੇ ਨਾਲ ਹੀ ਬੱਸ ਡਰਾਈਵਰਾਂ ਨੂੰ ਵੀ ਟਰੈਫਿਕ ਵਿਵਸਥਾ ਬਣਾਈ ਰੱਖਣ ਵਿਚ ਸਹਿਯੋਗ ਦੀ ਪ੍ਰਾਰਥਨਾ ਕਰਨਗੇ।
ਚੌਕ ਦੀਆਂ ਬੰਦ ਪਈਆਂ ਲਾਈਟਾਂ ਸੰਬੰਧੀ ਉਨ੍ਹਾਂ ਕਿਹਾ ਕਿ ਇਹ ਤਾਂ ਨਗਰ ਕੌਂਸਲ ਅਧਿਕਾਰੀ ਹੀ ਦੱਸ ਸਕਦੇ ਹਨ ਪਰ ਉਹ ਟਰੈਫਿਕ ਪੁਲਸ ਮੁਲਾਜ਼ਮਾਂ ਦੀ ਗਿਣਤੀ ਚੌਕ ਵਿਚ ਹੋਰ ਵਧਾਉਣਗੇ ਤਾਂ ਜੋ ਲੋਕਾਂ ਨੂੰ ਟਰੈਫਿਕ ਜਾਮ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।
