ਧੁੰਦ ''ਚ ਹਾਦਸਿਆਂ ਤੋਂ ਬਚਣ ਲਈ ਲੋਕ ਟ੍ਰੈਫਿਕ ਸਾਵਧਾਨੀਆਂ ਦਾ ਧਿਆਨ ਰੱਖਣ : ਡੀ. ਸੀ.

11/12/2017 4:52:08 PM

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਆਮ ਲੋਕ ਧੁੰਦ ਦੇ ਦਿਨਾਂ ਵਾਸਤੇ ਜਾਰੀ ਟ੍ਰੈਫਿਕ ਸਾਵਧਾਨੀਆਂ ਦਾ ਧਿਆਨ ਰੱਖਣ ਤਾਂ ਜੋ ਵਾਪਰਨ ਵਾਲੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਟ੍ਰੈਫਿਕ ਸਾਵਧਾਨੀਆਂ ਵਰਤਣ ਸਬੰਧੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਵੱਖ-ਵੱਖ ਅਧਿਕਾਰੀਆਂ ਨੂੰ ਇਨ੍ਹਾਂ ਸਾਵਧਾਨੀਆਂ ਸਬੰਧੀ ਕੀਤੀ ਜਾਣ ਵਾਲੀ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਸੰਘਣੀ ਧੁੰਦ 'ਚ ਸੜਕਾਂ 'ਤੇ ਚੱਲਣ ਲਈ ਜਾਰੀ ਇਨ੍ਹਾਂ ਆਵਾਜਾਈ ਸਾਵਧਾਨੀਆਂ 'ਚ ਵਾਹਨਾਂ ਦੀਆਂ ਲਾਈਟਾਂ ਪੀਲੀਆਂ (ਯੈਲੋ) ਰੱਖਣ, ਜ਼ਰੂਰਤ ਪੈਣ 'ਤੇ ਹੀ ਸੜਕ 'ਤੇ ਜਾਣ, ਸੜਕ 'ਚ ਗੱਡੀ ਰੋਕ ਕੇ ਫੋਨ ਨਾ ਵਰਤਣ, ਸੜਕੀ ਰੂਟ ਦੀ ਬਜਾਏ ਰੇਲ ਸਫਰ ਨੂੰ ਤਰਜੀਹ ਦੇਣ, ਸਵੇਰ ਮੌਕੇ ਬੱਚਿਆਂ ਨੂੰ ਸੜਕ 'ਤੇ ਲੈ ਕੇ ਨਾ ਖੜ੍ਹਨ ਅਤੇ ਸੜਕ ਤੋਂ ਪਿੱਛੇ ਹੋ ਕੇ ਖੜ੍ਹਨ ਅਤੇ ਪਾਰਕਿੰਗ ਲਾਈਟਾਂ ਚਲਾ ਕੇ ਰੱਖਣ ਲਈ ਕਿਹਾ ਗਿਆ ਹੈ। 
ਉਨ੍ਹਾਂ ਦੱਸਿਆ ਕਿ ਕਿਸੇ ਕਾਰਨ ਵਾਹਨ ਦੇ ਸੜਕ 'ਚ ਰੁਕਣ 'ਤੇ ਤੁਰੰਤ ਗੱਡੀ 'ਚੋਂ ਬਾਹਰ ਨਿਕਲ ਆਉਣ ਤੇ ਘੱਟੋ-ਘੱਟੋ 50 ਮੀਟਰ ਦੂਰ ਜਾ ਕੇ ਗੱਡੀਆਂ ਦੀ ਰਫ਼ਤਾਰ ਹੌਲੀ ਕਰਵਾਉਣ, ਬਹੁਤ ਹੀ ਜ਼ਰੂਰੀ ਹਾਲਤਾਂ 'ਚ ਸਫਰ ਸਵੇਰੇ 9 ਵਜੇ ਤੋਂ 6 ਵਜੇ ਤੱਕ ਕਰਨ ਅਤੇ ਵਾਹਨਾਂ ਵਿਚਕਾਰ ਸੜਕ 'ਤੇ ਚਲਦੇ ਸਮੇਂ ਉਚਿਤ ਫਾਸਲਾ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਕਤ ਸਾਵਧਾਨੀਆਂ ਤੋਂ ਇਲਾਵਾ ਸੜਕਾਂ ਕੰਢੇ ਅਣ-ਲੋੜੀਂਦੀਆਂ ਝਾੜੀਆਂ ਤੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਮਨਰੇਗਾ ਕਾਮਿਆਂ ਰਾਹੀਂ ਹਟਵਾਉਣ, ਸੜਕਾਂ ਕੰਢੇ ਖਤਰਾ ਬਣੇ ਢਾਂਚਿਆਂ ਨੂੰ ਹਟਾਉਣ ਜਾਂ ਦਿਖਣਯੋਗ ਬਣਾਉਣ ਲਈ ਪ੍ਰਬੰਧ ਕਰਨ, ਹੰਗਾਮੀ ਹਾਲਤਾਂ 'ਚ ਵਰਤੇ ਜਾਣ ਵਾਲੇ ਵਾਹਨਾਂ ਜਿਵੇਂ ਐਂਬੂਲੈਂਸ, ਰਿਕਵਰੀ ਵਾਹਨ ਆਦਿ ਧੁੰਦ ਇੰਡੀਕੇਟਰਾਂ ਨਾਲ ਲੈਸ ਹੋਣ, ਰੇਲਵੇ ਦੀਆਂ ਨਿਗਰਾਨੀ ਰਹਿਤ ਕਰਾਸਿੰਗਾਂ 'ਤੇ ਧੁੰਦ ਜਾਂ ਰਾਤ ਮੌਕੇ ਸਾਵਧਾਨੀ ਰੱਖਣ, ਸੜਕ 'ਤੇ ਚੱਲ ਰਹੀ ਉਸਾਰੀ ਜਾਂ ਮੁਰੰਮਤ ਨੂੰ ਧੁੰਦ ਦੌਰਾਨ ਦਿਖਣਯੋਗ ਬਣਾਉਣ ਲਈ ਉਚਿਤ ਪ੍ਰਬੰਧ ਕਰਨ, ਸੜਕਾਂ 'ਤੇ ਲਾਏ ਪੁਲਸ ਨਾਕਿਆਂ ਨੂੰ ਧੁੰਦ ਦੌਰਾਨ ਜ਼ਿਆਦਾ ਚਮਕਣਯੋਗ ਜਾਂ ਦਿਖਣਯੋਗ ਬਣਾਉਣ ਅਤੇ ਸੜਕਾਂ ਕੰਢੇ ਗਲਤ ਢੰਗ ਨਾਲ ਖੜ੍ਹੇ ਨਾ ਚੱਲਣਯੋਗ ਵਾਹਨਾਂ ਨੂੰ ਸਮੇਂ ਸਿਰ ਸੜਕ ਤੋਂ ਦੂਰ ਹਟਾਉਣਾ ਆਦਿ 'ਤੇ ਅਮਲ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।  


Related News