ਜ਼ੀਰਕਪੁਰ ’ਚ ਟ੍ਰੈਫਿਕ ਪੁਲਸ ਨੇ 35 ਵਾਹਨ ਚਾਲਕਾਂ ਦੇ ਕੱਟੇ ਚਲਾਨ
Monday, Oct 27, 2025 - 01:51 PM (IST)
ਜ਼ੀਰਕਪੁਰ (ਧੀਮਾਨ) : ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਸੁਧਾਰਨ ਅਤੇ ਸੜਕ ਹਾਦਸਿਆਂ ’ਤੇ ਰੋਕ ਲਗਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਮੁੱਖ ਚੌਰਾਹਿਆਂ ਅਤੇ ਸੜਕਾਂ ’ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 35 ਚਾਲਕਾਂ ਦੇ ਚਲਾਨ ਕੱਟੇ। ਟੀਮ ਦੀ ਅਗਵਾਈ ਕਰ ਰਹੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਹੇਠ ਚਲਾਈ ਜਾ ਰਹੀ ਹੈ, ਜਿਸ ਦਾ ਮੰਤਵ ਲੋਕਾਂ ’ਚ ਆਵਾਜਾਈ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਕਡੀ ਚੌਂਕ ਨੇੜੇ ਨਾਕੇਬੰਦੀ ਦੌਰਾਨ ਕਈ ਵਾਹਨ ਚਾਲਕ ਉਲਟੇ ਪਾਸੇ ਤੋਂ ਆਉਂਦੇ ਪਾਏ ਗਏ, ਜਿਨ੍ਹਾਂ ਦੇ ਚਲਾਨ ਤੁਰੰਤ ਕੱਟੇ ਗਏ।
ਏ. ਐੱਸ. ਆਈ. ਨੇ ਕਿਹਾ ਕਿ ਕਈ ਚਾਲਕ ਬਿਨਾਂ ਹੈਲਮਟ ਅਤੇ ਸੁਰੱਖਿਆ ਪੱਟੇ (ਸੈਫਟੀ ਬੈਲਟ) ਦੇ ਗੱਡੀਆਂ ਚਲਾਉਂਦੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ, ਸਗੋਂ ਹੋਰ ਸਫ਼ਰੀਆਂ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਅਜਿਹੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅਖ਼ੀਰ ’ਚ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਜ਼ੀਰਕਪੁਰ ਦੇ ਵੱਖ-ਵੱਖ ਖੇਤਰਾਂ ’ਚ ਇਸ ਤਰ੍ਹਾਂ ਦੀ ਨਿਗਰਾਨੀ ਜਾਰੀ ਰਹੇਗੀ। ਟ੍ਰੈਫਿਕ ਪੁਲਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ‘ਤੇ ਚੱਲਦਿਆਂ ਨਿਯਮਾਂ ਦੀ ਪਾਲਣਾ ਕਰਨ, ਆਪਣੀ ਅਤੇ ਹੋਰਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਸੁਰੱਖਿਅਤ ਯਾਤਰਾ ਨੂੰ ਆਪਣੀ ਆਦਤ ਬਣਾਉਣ ਤਾਂ ਜੋ ਸੜਕਾਂ ਤੇ ਸਾਰੇ ਵਾਹਨ ਚਾਲਕਾਂ ਨੂੰ ਦੁਰਘਟਨਾ ਤੋਂ ਬਚਾਇਆ ਜਾ ਸਕੇ।
