ਸ਼ਰਾਬੀ ਟ੍ਰੈਫ਼ਿਕ ਪੁਲਸ ਕਰਮਚਾਰੀ ਨੇ ਆਟੋ ਚਾਲਕ ਦੀ ਪਤਨੀ ਨਾਲ ਕੀਤੀ ਛੇੜਛਾੜ!

09/08/2017 8:19:31 AM

ਮੋਹਾਲੀ  (ਕੁਲਦੀਪ) - ਫੇਜ਼-11 ਵਿਚ ਇਕ ਸ਼ਰਾਬੀ ਹੋਏ ਟ੍ਰੈਫਿਕ ਪੁਲਸ ਕਰਮਚਾਰੀ ਵਲੋਂ ਆਪਣੇ ਇਕ ਆਟੋ ਚਾਲਕ ਦੋਸਤ ਦੀ ਪਤਨੀ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਛੇੜਛਾੜ ਸਬੰਧੀ ਬੁੱਧਵਾਰ ਦੀ ਦੇਰ ਸ਼ਾਮ ਪੁਲਸ ਕੰਟਰੋਲ ਰੂਮ 'ਤੇ ਸੂਚਿਤ ਕੀਤਾ ਗਿਆ ਪਰ ਪੀ. ਸੀ. ਆਰ. ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਹ ਟ੍ਰੈਫ਼ਿਕ ਪੁਲਸ ਕਰਮਚਾਰੀ ਮੌਕੇ ਤੋਂ ਫਰਾਰ ਹੋ ਗਿਆ । ਆਟੋ ਚਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਦੀ ਦੇਰ ਸ਼ਾਮ ਸਾਢੇ ਕੁ 9 ਵਜੇ ਦੇ ਕਰੀਬ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਆਟੋ 'ਤੇ ਫੇਜ਼-11 ਦੀ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾ ਰਿਹਾ ਸੀ । ਰਸਤੇ ਵਿਚ ਉਸ ਨੂੰ ਇਕ ਵਰਦੀਧਾਰੀ ਟ੍ਰੈਫਿਕ ਪੁਲਸ ਕਰਮਚਾਰੀ ਮਿਲ ਗਿਆ ਜਿਸ ਨੇ ਸ਼ਰਾਬ ਪੀਤੀ ਹੋਈ ਸੀ । ਦਲਜੀਤ ਨੇ ਦੱਸਿਆ ਕਿ ਉਸ ਪੁਲਸ ਕਰਮਚਾਰੀ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ।
ਪੁਲਸ ਕਰਮਚਾਰੀ ਨੇ ਉਸ ਨੂੰ ਕਿਹਾ ਕਿ ਉਹ ਵੀ ਮੰਡੀ ਜਾਣਾ ਚਾਹੁੰਦਾ ਹੈ । ਇੰਨਾ ਕਹਿ ਕੇ ਉਹ ਪਿਛਲੀ ਸੀਟ 'ਤੇ ਉਸ ਦੀ ਪਤਨੀ ਨਾਲ ਹੀ ਬੈਠ ਗਿਆ । ਬੈਠਦਿਆਂ ਹੀ ਉਹ ਉਸ ਦੀ ਪਤਨੀ ਨੂੰ ਸਬਜ਼ੀ ਖਰੀਦਣ ਲਈ ਜ਼ਬਰਦਸਤੀ ਪੈਸੇ ਦੇਣ ਲੱਗਾ ਤੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ । ਪਤਨੀ ਨੇ ਵਿਰੋਧ ਕੀਤਾ ਤੇ ਆਟੋ ਚਲਾ ਰਹੇ ਆਪਣੇ ਪਤੀ ਦਲਜੀਤ ਨੂੰ ਦੱਸਿਆ । ਉਸ ਨੇ ਆਟੋ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ । ਮੰਡੀ ਵਿਚ ਜਾ ਕੇ ਵੀ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ । ਪ੍ਰੇਸ਼ਾਨ ਹੋ ਕੇ ਆਟੋ ਚਾਲਕ ਤੇ ਮੰਡੀ ਦੇ ਕੁਝ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਉਸਦੀ ਖੂਬ ਮਾਰਕੁੱਟ ਕੀਤੀ।
ਦਲਜੀਤ ਨੇ ਦੱਸਿਆ ਕਿ ਅੱਜ ਵੀਰਵਾਰ ਸਵੇਰੇ ਪੁਲਸ ਸਟੇਸ਼ਨ ਫੇਜ਼-11 ਵਿਚ ਉਸ ਨੂੰ ਤੇ ਉਸ ਦੀ ਪਤਨੀ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਪਰ ਫਿਲਹਾਲ ਕੋਈ ਕੇਸ ਆਦਿ ਦਰਜ ਨਹੀਂ ਕੀਤਾ ਗਿਆ।  ਸੰਪਰਕ ਕਰਨ 'ਤੇ ਡੀ. ਐੈੱਸ. ਪੀ. ਸਿਟੀ-2 ਰਮਨਦੀਪ ਸਿੰਘ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਹ ਇਸ ਬਾਰੇ ਥਾਣੇ ਤੋਂ ਪਤਾ ਲਾਉਣਗੇ।


Related News