ਟ੍ਰੈਫਿਕ ਪੁਲਸ ਦਾ ਅਹਿਮ ਉਪਰਾਲਾ, ਅੰਗਹੀਣਾਂ ਲਈ ਸ਼ੁਰੂ ਕੀਤੀ ਇਹ ਸਰਵਿਸ
Tuesday, Nov 26, 2019 - 12:13 PM (IST)
ਪਟਿਆਲਾ (ਬਲਜਿੰਦਰ)—ਟ੍ਰੈਫਿਕ ਪੁਲਸ ਪਟਿਆਲਾ ਨੇ ਅਹਿਮ ਉਪਰਾਲਾ ਕਰਦਿਆਂ ਅੰਗਹੀਣ ਵਿਅਕਤੀਆਂ ਲਈ ਮੁਫਤ ਈ-ਰਿਕਸ਼ਾ ਸੇਵਾ ਸਰਵਿਸ ਸ਼ੁਰੂ ਕੀਤੀ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਟ੍ਰੈਫਿਕ ਪੁਲਸ ਪਟਿਆਲਾ ਦੇ ਇੰਚਾਰਜ ਇੰਸ. ਰਣਜੀਤ ਸਿੰਘ ਬੈਣੀਵਾਲ ਵੱਲੋਂ ਈ-ਰਿਕਸ਼ਾ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ।
ਰਣਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਸ ਜਿਥੇ ਆਪਣੇ ਫਰਜ਼ ਨਿਭਾਉਣ ਲਈ ਵਚਨਬੱਧ ਹੈ, ਉਥੇ ਹੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਆਪਣੇ ਫਰਜ਼ ਦੇ ਨਾਲ-ਨਾਲ ਲੋਕ ਸੇਵਾ ਨੂੰ ਵੀ ਪਹਿਲ ਦਿੰਦੇ ਹਨ। ਈ-ਰਿਕਸ਼ਾ ਦੇ ਚਾਲਕ ਸ਼ਹਿਰ ਵਿਚ ਕਿਤੇ ਵੀ ਅੰਗਹੀਣ ਵਿਅਕਤੀ ਮਿਲਣ 'ਤੇ ਉਸ ਨੂੰ ਉਸ ਦੀ ਮੰਜ਼ਲ 'ਤੇ ਪਹੁੰਚਾਉਣਗੇ। ਉਸ ਦਾ ਭੁਗਤਾਨ ਨਿੱਜੀ ਤੌਰ 'ਤੇ ਇੰਸ. ਰਣਜੀਤ ਸਿੰਘ ਬੈਣੀਵਾਲ ਅਤੇ ਟ੍ਰੈਫਿਕ ਪੁਲਸ ਪਟਿਆਲਾ ਵੱਲੋਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਅੰਗਹੀਣ ਵਿਅਕਤੀ ਸੜਕ 'ਤੇ ਬੜੀ ਮੁਸ਼ਕਲ ਨਾਲ ਚੱਲ ਰਹੇ ਹੁੰਦੇ ਹਨ। ਉਨ੍ਹਾਂ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆਉਂਦਾ। ਅਜਿਹੇ ਵਿਚ ਉਨ੍ਹਾਂ ਦੇ ਮਨ ਵਿਚ ਇਸ ਤਰ੍ਹਾਂ ਦਾ ਉਪਰਾਲਾ ਕਰਨ ਦੀ ਗੱਲ ਆਈ ਅਤੇ ਐੱਸ. ਐੱਸ. ਪੀ. ਦੇ ਨਿਰਦੇਸ਼ਾਂ 'ਤੇ ਅੱਜ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।