ਚੰਡੀਗੜ੍ਹ ਪੁਲਸ ਦਾ ਕਾਰਨਾਮਾ, ਗੱਡੀ 'ਚ ਬੈਠੇ ਚਾਲਕ ਦਾ ਕੱਟਿਆ 'ਨੋ ਪਾਰਕਿੰਗ ਦਾ ਚਲਾਨ

10/17/2019 9:44:53 AM

ਚੰਡੀਗੜ੍ਹ (ਸੁਸ਼ੀਲ) : ਫੈਸਟੀਵਲ ਸੀਜ਼ਨ 'ਚ ਮਾਰਕੀਟਾਂ ਦੇ ਬਾਹਰ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਟ੍ਰੈਫਿਕ ਪੁਲਸ ਲਗਾਤਾਰ ਚਲਾਨ ਕੱਟਣ 'ਚ ਲੱਗੀ ਹੋਈ ਹੈ। ਸੈਕਟਰ-19 'ਚ ਸੜਕ 'ਤੇ ਗੱਡੀ ਰੋਕ ਕੇ ਇੰਤਜ਼ਾਰ ਕਰ ਰਹੇ ਟ੍ਰੈਫਿਕ ਮਾਰਸ਼ਲ ਨੂੰ ਪੁਲਸ ਨੇ ਨੋ ਪਾਰਕਿੰਗ ਦਾ ਚਲਾਨ ਕਰ ਦਿੱਤਾ। ਟ੍ਰੈਫਿਕ ਮਾਰਸ਼ਲ ਐੱਮ. ਐੱਮ. ਖਾਨ ਨੇ ਦੋਸ਼ ਲਾਇਆ ਕਿ ਚਲਾਨਿੰਗ ਅਫਸਰ ਏ. ਐੱਸ. ਆਈ. ਗੁਰਚੇਤਨ ਸਿੰਘ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਡੀ. ਐੱਸ. ਪੀ. ਐਡਮਿਨ ਦੇ ਦਫ਼ਤਰ ਜਾ ਕੇ ਦਿੱਤੀ।

ਖਾਨ ਨੇ ਕਿਹਾ ਕਿ ਜੇਕਰ ਗੱਡੀ ਦੇ ਅੰਦਰ ਚਾਲਕ ਬੈਠਾ ਹੈ ਤਾਂ ਪੁਲਸ ਨੋ ਪਾਰਕਿੰਗ ਦਾ ਚਲਾਨ ਨਹੀਂ ਕਰ ਸਕਦੀ ਪਰ ਏ. ਐੱਸ. ਆਈ. ਨੇ ਸਾਰੇ ਕਾਇਦੇ ਨਿਯਮ ਤੋੜ ਦਿੱਤੇ। ਉਸ ਨੇ ਤਾਂ ਸਿਰਫ ਚਲਾਨਾਂ ਦਾ ਟੀਚਾ ਪੂਰਾ ਕਰਨਾ ਸੀ। ਮਨੀਮਾਜਰਾ ਸਥਿਤ ਮਾਡਰਨ ਹਾਊਸਿੰਗ ਕੰਪਲੈਕਸ ਨਿਵਾਸੀ ਐੱਮ. ਐੱਮ. ਖਾਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਉਹ ਸੈਕਟਰ-19 ਦੀ ਮਾਰਕੀਟ ਕੋਲ ਸੜਕ 'ਤੇ ਗੱਡੀ ਖੜ੍ਹੀ ਕਰ ਕੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇੰਨੇ 'ਚ ਏ. ਐੱਸ. ਆਈ. ਗੁਰਚੇਤਨ ਸਿੰਘ ਉੱਥੇ ਆਏ ਅਤੇ ਉਸਨੇ ਚਲਾਨ ਬੁੱਕ ਗੱਡੀ ਦੇ ਬੋਨਟ 'ਤੇ ਜ਼ੋਰ ਨਾਲ ਮਾਰੀ। ਏ. ਐੱਸ. ਆਈ. ਨੇ ਆਉਂਦੇ ਹੋਏ ਗੱਡੀ ਦੇ ਕਾਗਜ਼ਾਤ ਮੰਗੇ।

ਉਸਨੇ ਕਾਰਨ ਪੁੱਛਿਆ ਤਾਂ ਪੁਲਸ ਕਰਮੀ ਨੇ ਕਿਹਾ ਕਿ ਗੱਡੀ ਨੋ ਪਾਰਕਿੰਗ 'ਚ ਖੜ੍ਹੀ ਹੈ। ਖਾਨ ਨੇ ਕਿਹਾ ਕਿ ਉਹ ਗੱਡੀ ਅੰਦਰ ਬੈਠਾ ਹੈ ਅਤੇ ਗੱਡੀ ਨੋ ਪਾਰਕਿੰਗ 'ਚ ਨਹੀਂ ਖੜ੍ਹੀ ਹੈ। ਏ. ਐੱਸ. ਆਈ. ਨੇ ਇਕ ਨਾ ਸੁਣੀ ਅਤੇ ਖਾਨ ਦਾ ਨੋ ਪਾਰਕਿੰਗ ਦਾ ਚਲਾਨ ਕਰ ਦਿੱਤਾ। ਐੱਮ. ਐੱਮ. ਖਾਨ ਨੇ ਦੱਸਿਆ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਸ 'ਚ ਮਾਰਸ਼ਲ ਹੈ। ਏ. ਐੱਸ. ਆਈ. ਵੱਲੋਂ ਚਲਾਨ ਕੱਟਣ ਨੂੰ ਲੈ ਕੇ ਕੀਤੇ ਗਏ ਦੁਰਵਿਵਹਾਰ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ। ਟ੍ਰੈਫਿਕ ਪੁਲਸ ਜਦੋਂ ਮਾਰਸ਼ਲ ਨਾਲ ਅਜਿਹਾ ਵਿਵਹਾਰ ਕਰਦੀ ਹੈ ਤਾਂ ਆਮ ਚਾਲਕ ਨਾਲ ਇਸ ਤੋਂ ਵੀ ਭੈੜਾ ਵਿਵਹਾਰ ਕਰਦੀ ਹੋਵੇਗੀ।


Babita

Content Editor

Related News