ਬੰਦ ਪਈਆਂ ਟ੍ਰੈਫਿਕ ਲਾਈਟਾਂ ਕਾਰਨ ਲੋਕ ਪ੍ਰੇਸ਼ਾਨ
Thursday, Nov 30, 2017 - 06:38 AM (IST)
ਫਗਵਾੜਾ, (ਹਰਜੋਤ)- ਜੀ. ਟੀ. ਰੋਡ 'ਤੇ ਚੌਕਾਂ 'ਚ ਲੱਗੀਆਂ ਟ੍ਰੈਫਿਕ ਲਈਟਾਂ ਦੇ ਬੰਦ ਹੋਣ ਕਾਰਨ ਟ੍ਰੈਫ਼ਿਕ ਦਾ ਬੁਰਾ ਹਾਲ ਹੋਇਆ ਪਿਆ ਹੈ। ਸ਼ੂਗਰ ਮਿੱਲ ਚੌਕ ਅਤੇ ਹੁਸ਼ਿਆਰਪੁਰ ਚੌਕ 'ਚ ਜਦੋਂ ਟ੍ਰੈਫ਼ਿਕ ਕਰਮਚਾਰੀ ਦੀ ਡਿਊਟੀ ਹੋਵੇ ਉਦੋਂ ਤਾਂ ਟ੍ਰੈਫ਼ਿਕ ਠੀਕ ਚੱਲਦੀ ਹੈ ਪਰ ਜਦੋਂ ਇਥੇ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਨਾ ਹੋਵੇ ਤਾਂ ਉਸ ਵੇਲੇ ਟ੍ਰੈਫ਼ਿਕ ਦੀ ਹਾਲਤ ਮਾੜੀ ਹੋ ਜਾਂਦੀ ਹੈ ਅਤੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਸੰਪਰਕ ਕਰਨ 'ਤੇ ਟ੍ਰੈਫ਼ਿਕ ਪੁਲਸ ਇੰਚਾਰਜ ਸੁੱਚਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਦੀ ਖ਼ਰਾਬੀ ਸਬੰਧੀ ਉਹ ਨਗਰ ਨਿਗਮ ਨੂੰ ਪੱਤਰ ਵੀ ਲਿਖ ਚੁੱਕੇ ਹਨ ਅਤੇ ਜ਼ੁਬਾਨੀ ਵੀ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਅਰ ਦਾ ਕਹਿਣਾ ਹੈ ਕਿ ਟੈਕਨੀਸ਼ੀਅਨ ਜਲਦੀ ਹੀ ਚੰਡੀਗੜ੍ਹ ਤੋਂ ਆਉਣਗੇ ਅਤੇ ਇਸ ਨੂੰ ਠੀਕ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਲੋਕ
ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਇਹ ਸਭ ਤੋਂ ਵੱਡੀ ਲਾਪ੍ਰਵਾਹੀ ਹੈ ਜਿਸ ਦਿਨ ਕੋਈ ਵੱਡਾ ਹਾਦਸਾ ਵਾਪਰੇਗਾ ਤਦ ਹੀ ਪ੍ਰਸ਼ਾਸਨ ਨੂੰ ਲਾਈਟਾਂ ਜਲਦ ਠੀਕ ਕਰਵਾਉਣ ਦੀ ਯਾਦ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਇਹ ਲਾਈਟਾਂ ਤੁਰੰਤ ਠੀਕ ਕਰਵਾਈਆਂ ਜਾਣ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।
