ਟ੍ਰੈਫਿਕ ਲਾਈਟਾਂ ’ਤੇ ਬੈਨਰ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ : ਸ਼ਵੀ ਢਿੱਲੋਂ

Wednesday, Jul 25, 2018 - 05:58 AM (IST)

ਟ੍ਰੈਫਿਕ ਲਾਈਟਾਂ ’ਤੇ ਬੈਨਰ ਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ : ਸ਼ਵੀ ਢਿੱਲੋਂ

ਅੰਮ੍ਰਿਤਸਰ,   (ਅਰੋਡ਼ਾ)-   ਪੱਛਮੀ ਵਿਧਾਨ ਸਭਾ ਖੇਤਰ ’ਚ ਪੈਂਦੇ ਵਾਰਡ-79 ਦੇ ਸਮਾਜ ਸੇਵਕ ਮਹਿਲਾ ਕੌਂਸਲਰ ਦੇ ਪਤੀ ਸ਼ਵੀ ਢਿੱਲੋਂ ਨੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸਮੱਸਿਆ ਦੇ ਹੱਲ ਅਤੇ ਮੈਟਰੋ ਸਿਟੀ ਬੱਸ ਦੇ ਆਉਣ-ਜਾਣ ਤੇ ਦਿਸ਼ਾ-ਨਿਰਦੇਸ਼ਾਂ ਲਈ ਕਈ ਤਰ੍ਹਾਂ ਦੀਆਂ ਟ੍ਰੈਫਿਕ ਲਾਈਟਾਂ ਲਵਾਈਆਂ ਹਨ ਪਰ ਜ਼ਿਲਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਇਨ੍ਹਾਂ ਸਿੰਗਨਲ ਲਾਈਟਾਂ ਦੀ ਵਰਤੋਂ ਸਿਰਫ ਇਨ੍ਹਾਂ ਦੇ ਖੰਭਿਅਾਂ ’ਤੇ ਬੈਨਰ ਲਾਉਣ ਵਾਲੇ ਹੀ ਕਰਦੇ ਆ ਰਹੇ ਹਨ।  ਚੌਕਾਂ ’ਚ ਲਾਈਟਾਂ ਤਾਂ ਲੱਗੀਆਂ ਹਨ ਪਰ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਰੂਪ ਵਿਚ ਜਾਰੀ ਰੱਖਣ ਲਈ ਟ੍ਰੈਫਿਕ ਪੁਲਸ ਜਾਂ ਸਬੰਧਤ ਥਾਣਾ ਦਾ ਕੋਈ ਵੀ ਪੁਲਸ ਕਰਮਚਾਰੀ ਮੌਜੂਦ ਨਹੀਂ ਹੁੰਦਾ।
ਸ਼ਵੀ ਢਿੱਲੋਂ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਤੋਡ਼ਣਾ ਤਾਂ ਇਕ ਆਮ ਗੱਲ ਹੈ, ਹੁਣ ਤਾਂ ਲੋਕ ਮੈਟਰੋ ਬੱਸ ਲਈ ਬਣਾਏ ਗਏ ਰਾਹ ’ਚ ਆਪਣੇ ਵਾਹਨ ਲੈ ਕੇ ਨਿਕਲਦੇ ਹਨ, ਜਿਸ ਨਾਲ ਕਈ ਸਡ਼ਕ ਹਾਦਸੇ ਦੇਖਣ ਨੂੰ ਮਿਲ ਰਹੇ ਹਨ। ਸਡ਼ਕ ਹਾਦਸਿਆਂ ਲਈ ਛੇਹਰਟਾ ਦਾ ਖੰਡਵਾਲਾ ਚੌਕ ਸਭ ਤੋਂ ਅੱਗੇ ਨਿਕਲ ਗਿਆ ਹੈ, ਜਿਥੇ ਅਕਸਰ ਲੋਕ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੰਦੇ ਹਨ, ਰਹੀ-ਸਹੀ ਕਸਰ ਸ਼ਾਮ ਦੇ ਸਮੇਂ ਸਡ਼ਕਾਂ ’ਤੇ ਰੇਹਡ਼ਾ ਘੋਡ਼ਾ ਤੇ ਰੇਹਡ਼ੀ ਵਾਲਿਆਂ ਨੇ ਕੱਢ ਦਿੱਤੀ ਹੈ, ਜਿਸ ਕਾਰਨ ਆਉਣ-ਜਾਣ ਦਾ ਮਾਰਗ ਸੀਮਤ ਹੋ ਕੇ ਰਹਿ ਗਿਆ ਹੈ ਤੇ ਲੋਕ ਸਡ਼ਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨਗਰ ਨਿਗਮ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟ੍ਰੈਫਿਕ ਸਿੰਗਨਲ ਲਾਈਟਾਂ ’ਤੇ ਬੈਨਰ ਲਾਉਣ ਅਤੇ ਸਡ਼ਕਾਂ ਦੇ ਕਿਨਾਰਿਆਂ ਅਤੇ ਰੇਹਡ਼ੇ ਘੋਡ਼ੇ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵਾਹਨ ਚਾਲਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।


Related News