7 ਸਾਲ ਤੋਂ ਲਗਾਤਾਰ ਲਟਕਦਾ ਰਿਹਾ ਪ੍ਰਾਜੈਕਟ

Sunday, Apr 01, 2018 - 03:33 PM (IST)

ਜਲੰਧਰ (ਰਵਿੰਦਰ, ਅਮਿਤ)-ਰੋਜ਼ਾਨਾ ਸੜਕਾਂ 'ਤੇ ਵਧਦਾ ਟ੍ਰੈਫਿਕ, ਲਗਾਤਾਰ ਛੋਟੀਆਂ ਹੁੰਦੀਆਂ ਜਾ ਰਹੀਆਂ ਸੜਕਾਂ ਅਤੇ ਸਰਕਾਰ ਵੱਲੋਂ ਸਮੇਂ ਸਿਰ ਕੰਮ ਨਾ ਲੈਣ ਕਾਰਨ ਜ਼ਿਲੇ ਦੇ  ਲੋਕ ਲਗਾਤਾਰ ਟ੍ਰੈਫਿਕ ਜਾਮ ਤੋਂ ਪ੍ਰੇਸ਼ਾਨ ਹੋ ਰਹੇ ਹਨ । ਜੋ ਕੰਮ 7 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਅੱਜ ਤੱਕ ਲਟਕਿਆ ਪਿਆ ਹੈ। ਗੱਲ ਕਰ ਰਹੇ ਹਾਂ ਪੀ. ਏ. ਪੀ. ਫਲਾਈਓਵਰ ਦੀ। ਵਾਰ-ਵਾਰ ਲਟਕਦੇ ਕੰਮ ਨਾਲ ਸਰਕਾਰ ਅਤੇ ਅਹੁਦੇਦਾਰਾਂ ਦੀ ਸਾਖ ਨੂੰ ਵੀ ਬੱਟਾ ਲੱਗ ਰਿਹਾ ਹੈ। ਡੀ. ਸੀ. ਵੱਲੋਂ ਵਾਰ-ਵਾਰ ਹਦਾਇਤ ਟਾਈਮ ਬਾਊਂਡ ਕੰਮ ਦੀ ਚਿਤਾਵਨੀ ਦੇ ਬਾਅਦ ਵੀ ਕੰਮ ਦੀ ਰਫਤਾਰ ਵਿਚ ਕੋਈ ਫਰਕ ਨਹੀਂ ਪਿਆ। ਸ਼ਾਇਦ  ਖੁਦ ਅਧਿਕਾਰੀ ਇਸ ਕੰਮ ਨੂੰ ਲੈ ਕੇ ਗੰਭੀਰ ਨਹੀਂ ਹਨ ਤਾਂ ਹੀ ਤਾਂ ਵਾਰ-ਵਾਰ ਸ਼ਹਿਰ ਦੇ ਲੋਕਾਂ ਨੂੰ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਪੀ. ਏ. ਪੀ. ਚੌਕ ਅੱਜ ਕਲ ਟ੍ਰੈਫਿਕ ਜਾਮ ਦੀ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ ਇਸ  ਦੀ ਸਮੱਸਿਆ ਦਾ ਇਕ ਹੀ ਹੱਲ ਜਲਦ ਤੋਂ ਜਲਦ ਇਥੇ ਫਲਾਈਓਵਰ ਦਾ ਨਿਰਮਾਣ ਹੋਣਾ ਹੈ। ਪਾਣੀਪਤ-ਅੰਮ੍ਰਿਤਸਰ ਹਾਈਵੇ ਤਹਿਤ ਇਸ ਫਲਾਈਓਵਰ ਦਾ ਨਿਰਮਾਣ 2011 ਵਿਚ ਸੰਪੰਨ ਹੋ ਜਾਣਾ ਸੀ ਪਰ ਕਈ ਕਾਰਨਾਂ ਕਰ ਕੇ ਲਗਾਤਾਰ ਕੰਮ ਲਟਕਦਾ ਰਿਹਾ ਹੈ। ਕਦੇ ਕੰਪਨੀ ਦੀ ਢਿੱਲ, ਕਦੇ ਸੈਨਾ ਤੋਂ ਜ਼ਮੀਨ ਨਾ ਮਿਲਣਾ, ਕਦੇ ਮਿੱਟੀ ਨਾ ਮਿਲਣਾ ਅਤੇ ਹੋਰ ਕਈ ਕਾਰਨ ਰਹੇ ਹਨ। ਇਸ ਕਾਰਨ ਇਹ ਪ੍ਰਾਜੈਕਟ ਪਹਿਲਾਂ ਹੀ 3 ਸਾਲ ਲੇਟ ਹੋ ਗਿਆ। ਸਾਰੀਆਂ ਮੁਸ਼ਕਲਾਂ ਦੂਰ ਹੋਣ ਦੇ ਬਾਅਦ ਨਿਰਮਾਣ ਦੁਬਾਰਾ ਸ਼ੁਰੂ ਹੋਇਆ ਪਰ ਫਿਰ ਕਈ ਵਾਰ ਫਿਰ ਲਟਕਿਆ। ਡੀ. ਸੀ. ਵਰਿੰਦਰ ਸ਼ਰਮਾ ਹੁਕਮ ਦਿੰਦੇ ਰਹੇ ਪਰ ਕੰਮ ਦੀ ਰਫਤਾਰ 'ਤੇ ਕੋਈ ਫਰਕ ਨਹੀਂ ਪਿਆ। 
ਕਦੋਂ ਕੰਮ ਸ਼ੁਰੂ ਹੋਣਾ ਹੈ ਅਤੇ ਕਦੋਂ ਖਤਮ ਹੋਣਾ ਹੈ ਇਸ ਦੀ ਨਾ ਤਾਂ ਕੋਈ ਹੱਦ ਤੈਅ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਇਸ ਬਾਰੇ ਪਤਾ ਹੈ। ਡੀ. ਸੀ. ਨੇ ਐੱਨ. ਐੱਚ. ਏ. ਆਈ. ਨੂੰ ਪੀ. ਏ. ਪੀ. ਫਲਾਈਓਵਰ ਦਾ ਕੰਮ ਪੂਰਾ ਕਰਨ ਲਈ 31 ਮਾਰਚ 2018 ਤੱਕ ਦਾ ਟਾਈਮ ਦਿੱਤਾ ਸੀ ਪਰ ਜਿਸ ਤਰ੍ਹਾਂ ਨਾਲ ਕੰਮ ਲਟਕਿਆ ਹੈ ਉਸ ਨਾਲ ਇਹ ਹੱਦ ਵੀ ਨਿਕਲਦੀ ਨਜ਼ਰ ਆ ਰਹੀ ਹੈ ਅਤੇ ਜੇਕਰ ਕੰਮ ਜਲਦੀ ਸ਼ੁਰੂ ਨਾ ਹੋਇਆ ਤਾਂ ਅਗਲੇ ਮਹੀਨੇ ਵਿਚ ਇਸ ਦੀ ਉਮੀਦ ਵੀ ਘੱਟ ਨਜ਼ਰ ਆ ਰਹੀ ਹੈ। ਐੱਨ. ਐੱਚ. ਏ. ਆਈ. ਸੂਤਰਾਂ ਦੀ ਮੰਨੀਏ ਤਾਂ ਕੁਝ ਦਿਨ ਪਹਿਲਾਂ    ਆਈਲੈਕਸ ਅਤੇ ਸੋਮਾ ਕੰਪਨੀਆਂ ਦੇ ਉੱਚ ਅਧਿਕਾਰੀਆਂ ਦਰਮਿਆਨ ਦਿੱਲੀ ਵਿਚ ਮੀਟਿੰਗ ਹੋਈ ਸੀ ਜਿਸ ਵਿਚ ਕੰਮ ਨੂੰ ਜਲਦੀ ਸ਼ੁਰੂ ਕਰਵਾਉਣ ਨੂੰ ਲੈ ਕੇ ਆਪਸੀ ਸਹਿਮਤੀ ਬਣ ਗਈ ਹੈ। ਜੇਕਰ ਸਭ ਕੁਝ ਸਹੀ ਰਹਿੰਦਾ ਹੈ ਤਾਂ 15 ਅਪ੍ਰੈਲ 2018 ਤੋਂ ਫਲਾਈਓਵਰ ਦਾ ਕੰਮ ਦੁਬਾਰਾ ਸ਼ੁਰੂ ਹੋ ਸਕਦਾ ਹੈ। 
ਅੱਧ ਵਿਚਕਾਰ ਲਟਕੇ ਹਨ ਕਈ ਕੰਮ : ਪ੍ਰਾਜੈਕਟ ਵਿਚ ਰੁਕਾਵਟ ਬਣ ਰਹੇ ਸੈਨਾ ਦੇ ਟੈਂਕਾਂ ਨੂੰ ਸ਼ਿਫਟ ਕਰਨ ਦਾ ਫੈਸਲਾ 2 ਮਹੀਨੇ ਪਹਿਲਾਂ ਲੈ ਲਿਆ ਗਿਆ ਸੀ ਅਤੇ ਸੈਨਾ ਦੇ ਟੈਂਕਾਂ ਨੂੰ ਹਟਾਉਣ ਦਾ ਕੰਮ ਲਗਭਗ 15 ਦਿਨਾਂ ਵਿਚ ਪੂਰਾ ਹੋਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਅੱਜ ਤੱਕ ਇਹ ਕੰਮ ਅਧੂਰਾ ਪਿਆ ਹੈ। ਟੈਂਕਾਂ ਨੂੰ ਹਟਾਉਣ ਤੋਂ ਬਾਅਦ ਆਮ ਲੋਕਾਂ ਨੂੰ ਲਗਭਗ 50 ਫੀਸਦੀ ਤੱਕ ਟ੍ਰੈਫਿਕ ਜਾਮ ਤੋਂ ਰਾਹਤ ਮਿਲ ਜਾਵੇਗੀ। 
ਪੇਮੈਂਟ ਰਿਲੀਜ਼ ਹੋ ਚੁੱਕੀ ਹੈ, ਇਸ ਹਫਤੇ ਸ਼ੁਰੂ ਹੋ ਜਾਵੇਗਾ ਕੰਮ : ਡੀ. ਸੀ. : ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਐੱਨ. ਐੱਚ. ਏ. ਆਈ. ਨੂੰ ਪੱਤਰ ਲਿਖਿਆ ਸੀ ਜਿਸ ਵਿਚ ਚੇਅਰਮੈਨ ਨੇ ਮੀਟਿੰਗ ਬੁਲਾਈ ਸੀ। ਜਿਸ ਤੋਂ ਬਾਅਦ ਕੰਪਨੀ ਦੀ ਪੇਮੈਂਟ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਹਫਤੇ ਫਲਾਈਓਵਰ ਦਾ ਰੁਕਿਆ ਕੰਮ ਦੁਬਾਰਾ ਸ਼ੁਰੂ ਹੋ ਜਾਵੇਗਾ।


Related News