ਟ੍ਰੈਫਿਕ ਕਰਮਚਾਰੀ ਨੇ ਰੋਕਿਆ ਤਾਂ ਕਾਰ ਚਾਲਕ ਨੇ ਬੋਨਟ ’ਤੇ ਚੜ੍ਹਾ ਕੇ ਇਕ ਕਿਲੋਮੀਟਰ ਤੱਕ ਘੜੀਸਿਆ
Thursday, Apr 13, 2023 - 08:30 PM (IST)
ਲੁਧਿਆਣਾ (ਸੁਰਿੰਦਰ ਸੰਨੀ)-ਲੁਧਿਆਣਾ ’ਚ ਇਕ ਕਾਰ ਚਾਲਕ ਵੱਲੋਂ ਟ੍ਰੈਫਿਕ ਪੁਲਸ ਕਰਮਚਾਰੀ ਨਾਲ ਦਬੰਗਾਈ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੁਧਿਆਣਾ ਦੇ ਮਾਤਾ ਰਾਣੀ ਚੌਕ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਡਿਊਟੀ ’ਤੇ ਤਾਇਨਾਤ ਟਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਜਦੋਂ ਘੰਟਾਘਰ ਚੌਕ ਤੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕੱਟ ਮਾਰਦਿਆਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਹਰਦੀਪ ਉਸ ਦੀ ਗੱਡੀ ਦੇ ਅੱਗੇ ਆਇਆ ਤਾਂ ਉਸ ਨੇ ਗੱਡੀ ਤੇਜ਼ ਰਫ਼ਤਾਰ ਨਾਲ ਦੌੜਾਉਂਦਿਆਂ ਹਰਦੀਪ ਨੂੰ ਹੀ ਗੱਡੀ ਦੇ ਬੋਨਟ ’ਤੇ ਇਕ ਕਿਲੋਮੀਟਰ ਤੱਕ ਘੜੀਸਿਆ ਤੇ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਇਲਾਕਿਆਂ ’ਚ ਘੁਮਾਇਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਆਬਕਾਰੀ ਵਿਭਾਗ ਦਾ ਅਹਿਮ ਫ਼ੈਸਲਾ, ਬੀਅਰ ਦੀਆਂ ਕੀਮਤਾਂ ਕੀਤੀਆਂ ਤੈਅ
ਇਸ ਤੋਂ ਬਾਅਦ ਅਚਾਨਕ ਕੱਟ ਮਾਰ ਕੇ ਹਰਦੀਪ ਨੂੰ ਇਕ ਪਾਸੇ ਡੇਗ ਕੇ ਕਾਰ ਚਾਲਕ ਫਰਾਰ ਹੋ ਗਿਆ। ਇਸ ਘਟਨਾ ਦੌਰਾਨ ਹਰਦੀਪ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ ਅਤੇ ਉਸਦੀ ਵਰਦੀ ਵੀ ਫਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਰਦੀਪ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ। ਟ੍ਰੈਫਿਕ ਪੁਲਸ ਅਤੇ ਸਥਾਨਕ ਥਾਣਾ ਪੁਲਸ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਕਥਿਤ ਦੋਸ਼ੀ ਖਿਲਾਫ਼ ਕਾਰਵਾਈ ਕਰਨ ’ਚ ਜੁੱਟ ਗਈ ਹੈ।