ਪਿੰਜੌਰ, ਹੈਦਰਾਬਾਦ ਤੇ ਮੋਹਾਲੀ ਟਰੈਕਟਰ ਪਲਾਂਟ ਨੂੰ ਬੰਦ ਕਰਨ ਦਾ ਨੋਟਿਸ ਜਾਰੀ

Saturday, Jan 20, 2018 - 09:12 AM (IST)

ਪਿੰਜੌਰ (ਰਾਵਤ) : ਐੱਚ. ਐੱਮ. ਟੀ. ਟਰੈਕਟਰ ਪਲਾਂਟ ਦੇ 150 ਕਰਮਚਾਰੀਆਂ ਨੇ ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਪਲਾਂਟ ਨੂੰ ਬੰਦ ਕਰਨ ਤੇ ਕਰਮਚਾਰੀਆਂ ਨੂੰ ਵੀ. ਆਰ. ਐੱਸ. ਦਾ ਮੁਆਵਜ਼ਾ ਦੇਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੋਈ ਹੈ ਪਰ ਉਨ੍ਹਾਂ ਲਈ ਚੰਗੀ ਖਬਰ ਨਹੀਂ ਹੈ। ਐੱਚ. ਐੱਮ. ਟੀ. ਸੀ. ਐੱਮ. ਡੀ. ਨੇ ਸ਼ੁੱਕਰਵਾਰ ਨੂੰ ਟਰੈਕਟਰ ਪਲਾਂਟ ਪਿੰਜੌਰ, ਹੈਦਰਾਬਾਦ ਤੇ ਮੋਹਾਲੀ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕਰਦੇ ਹੋਏ ਇਸ ਦੀਆਂ ਕਾਪੀਆਂ ਕੇਂਦਰੀ ਹੈਵੀ ਇੰਡਸਟਰੀ ਸੰਯੁਕਤ ਸਕੱਤਰ, ਕੇਂਦਰੀ ਮੁੱਖ ਕਿਰਤ ਕਮਿਸ਼ਨਰ, ਹਰਿਆਣਾ ਕਿਰਤ ਕਮਿਸ਼ਨਰ, ਡਿਪਟੀ ਕਮਿਸ਼ਨਰ ਪੰਚਕੂਲਾ ਤੇ ਐੱਸ. ਡੀ. ਐੱਮ. ਕਾਲਕਾ ਨੂੰ ਭੇਜੀਆਂ ਹਨ।  
ਸੀ. ਐੱਮ. ਡੀ. ਐੱਸ. ਗਿਰੀਸ਼ ਕੁਮਾਰ ਨੇ ਨੋਟਿਸ ਵਿਚ ਅਗਲੀ 24 ਜਨਵਰੀ ਨੂੰ ਐੱਚ. ਐੱਮ. ਟੀ. ਲਿਮਟਿਡ ਟਰੈਕਟਰ ਬਿਜ਼ਨੈੱਸ ਗਰੁੱਪ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਫੈਸਲੇ ਦਾ ਜ਼ਿਕਰ ਕੀਤਾ ਹੈ। ਸੂਤਰਾਂ ਅਨੁਸਾਰ ਮੈਨੇਜਮੈਂਟ ਨੇ ਫੈਕਟਰੀ ਨੂੰ ਬੰਦ ਕਰਨ ਦੌਰਾਨ ਕਿਸੇ ਤਰ੍ਹਾਂ ਦੇ ਵਿਰੋਧ ਤੇ ਹੰਗਾਮੇ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਭਾਰੀ ਪੁਲਸ ਫੋਰਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਸ਼ੁੱਕਰਵਾਰ ਦੇਰ ਰਾਤ ਐੱਚ. ਐੱਮ. ਟੀ. ਕੰਪਲੈਕਸ ਵਿਚ ਭਾਰੀ ਪੁਲਸ ਫੋਰਸ ਪਹੁੰਚ ਚੁੱਕੀ ਸੀ।


Related News