ਭਵਾਨੀਗੜ੍ਹ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ

Monday, Jan 27, 2025 - 11:25 AM (IST)

ਭਵਾਨੀਗੜ੍ਹ ਦੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ

ਭਵਾਨੀਗੜ੍ਹ (ਕਾਂਸਲ) : ਗਣਤੰਤਰ ਦਿਹਾੜੇ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕਰਨ ਅਤੇ ਗਾਰੰਟੀਸ਼ੁਦਾ ਐੱਮ. ਐੱਸ. ਪੀ. ਅਤੇ 9 ਦਸੰਬਰ 2021 ਦੇ ਲਿਖ਼ਤੀ ਵਾਅਦੇ ਦੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ ਗਿਆ। ਪੂਰੇ ਭਾਰਤ 'ਚ ਟਰੈਕਟਰ ਮਾਰਚ ਸੱਦਾ ਲਾਗੂ ਕਰਦਿਆਂ ਬਲਾਕ ਭਵਾਨੀਗੜ੍ਹ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪਿੰਡ ਘਰਾਚੋਂ ਤੋਂ ਲੈ ਕੇ ਸ਼ਹਿਰ ਭਵਾਨੀਗੜ੍ਹ ਹੁੰਦੇ ਹੋਏ ਐੱਸ. ਡੀ. ਐੱਮ. ਦਫ਼ਤਰ ਤੋਂ ਅਨਾਜ ਮੰਡੀ ਭਵਾਨੀਗੜ੍ਹ ਤੱਕ ਸੈਂਕੜਿਆਂ ਦੀ ਗਿਣਤੀ ਟਰੈਕਟਰ ਮਾਰਚ ਕੀਤਾ ਗਿਆ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਦੀਆਂ ਤਿਆਰੀਆ ਕਰ ਰਹੀਆ ਹਨ। ਉਨ੍ਹਾਂ ਕਿਹਾ ਖੁੱਲ੍ਹੀ ਮੰਡੀਕਰਨ ਕਰਕੇ ਨਵੇਂ ਡਰਾਫ਼ਟ ਲਿਆਂਦੇ ਜਾ ਰਹੇ ਹਨ ਅਤੇ ਸਰਕਾਰਾਂ ਕਿਸਾਨ ਜੱਥੇਬੰਦੀਆਂ ਨੂੰ ਪਾੜ੍ਹਣਾ ਚਾਹੁੰਦੀਆਂ ਹਨ।

ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨ ਮੋਰਚੇ ’ਚ ਕਿਸਾਨਾਂ ਨਾਲ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਖ਼ਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਰੱਖਿਆ ਗਿਆ ਮਰਨ ਵਰਤ ਲਗਾਤਾਰ ਜਾਰੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕੀਤਾ ਜਾਵੇ ਅਤੇ ਗਾਰੰਟੀਸ਼ੁਦਾ ਐੱਮ. ਐੱਸ. ਪੀ. ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਅਜੈਬ ਸਿੰਘ ਲੱਖੇਵਾਲ, ਕਸ਼ਮੀਰ ਸਿੰਘ ਘਰਾਚੋਂ, ਜਸਪਾਲ ਸਿੰਘ ਘਰਾਚੋਂ, ਸੁਪਿੰਦਰ ਸਿੰਘ ਘਰਾਚੋਂ, ਜਰਨੈਲ ਸਿੰਘ, ਬਚਨ ਸਿੰਘ, ਰਘਬੀਰ ਸਿੰਘ, ਸਤਵਿੰਦਰ ਸਿੰਘ ਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਮਾਰਚ ਵਿਚ ਸ਼ਾਮਲ ਹੋਏ।


author

Babita

Content Editor

Related News