ਟਰੈਕ ’ਤੇ ਚਾਰੇ ਪਾਸੇ ਭਰਿਆ ਰਿਹਾ ਪਾਣੀ, ਨਹੀਂ ਚੱਲੇ ਕੈਮਰੇ
Friday, Jul 27, 2018 - 05:49 AM (IST)
ਜਲੰਧਰ, (ਅਮਿਤ)- ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਅੰਦਰ ਬਣਿਆ ਆਧੁਨਿਕ ਟੈਸਟ ਟਰੈਕ ਆਪਣੇ ਸ਼ੁਰੂਆਤੀ ਦੌਰ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਇਥੇ ਆਉਣ ਵਾਲੀ ਜਨਤਾ ਨੂੰ ਕਿਸੇ ਨਾ ਕਿਸੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਹਿੰਦਾ ਹੈ। ਵੀਰਵਾਰ ਵੀ ਟਰੈਕ ’ਤੇ ਸਾਰਾ ਕੰਮਕਾਜ ਠੱਪ ਰਿਹਾ। ਦੂਰ-ਦਰਾਜ ਤੋਂ ਆਈ ਜਨਤਾ ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਅਰਜ਼ੀਆਂ ਲਈ ਦੋਪਹੀਆ ਤੇ ਚੌਪਹੀਆ ਵਾਹਨਾਂ ਦੇ ਟੈਸਟ ਦੇਣੇ ਸਨ, ਉਨ੍ਹਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ। ਟੈਸਟ ਵਾਲੇ ਕਮਰੇ ਦੇ ਬਾਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਲਾ ਹੀ ਲੱਗਾ ਰਿਹਾ ਤੇ ਦਰਵਾਜ਼ੇ ’ਤੇ ਨੋਟਿਸ ਲੱਗਾ ਦੇਖਣ ਨੂੰ ਮਿਲਿਆ। ਜਿਸ ’ਤੇ ਲਿਖਿਆ ਸੀ ਕਿ ਖਰਾਬ ਮੌਸਮ ਕਾਰਨ ਟਰੈਕ ’ਤੇ ਲੱਗੇ ਕੈਮਰੇ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ 1.25 ਕਰੋੜ ਰੁਪਏ ਖਰਚ ਕੇ ਇਸ ਟਰੈਕ ਦਾ ਨਿਰਮਾਣ ਕੀਤਾ ਹੈ ਪਰ ਇੰਨੇ ਪੈਸੇ ਖਰਚਣ ਦਾ ਕੀ ਫਾਇਦਾ ਜੇਕਰ ਬਰਸਾਤ ਦੇ ਦਿਨਾਂ ਵਿਚ ਟਰੈਕ ’ਤੇ ਕੰਮਕਾਜ ਹੀ ਨਹੀਂ ਚੱਲ ਸਕਦਾ। ਲੋਕਾਂ ਵਿਚ ਸਰਕਾਰ ਤੇ ਟਰਾਂਸਪੋਰਟ ਵਿਭਾਗ ਪ੍ਰਤੀ ਡੂੰਘਾ ਰੋਸ ਵੇਖਣ ਨੂੰ ਮਿਲਿਆ। ਕਿਉਂ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣਾ ਕੰਮਕਾਜ ਛੱਡ ਕੇ ਟੈਸਟ ਦੇਣ ਲਈ ਆਏ ਸਨ ਪਰ ਕੰਮ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਦੁਬਾਰਾ ਆਉਣਾ ਪਵੇਗਾ।
ਕੀ ਹੈ ਬੰਦ ਰਹਿਣ ਦਾ ਕਾਰਨ
ਵੀਰਵਾਰ ਨੂੰ ਸਵੇਰੇ ਹੋਈ ਬਰਸਾਤ ਕਾਰਨ ਟਰੈਕ ’ਤੇ ਚਾਰੇ ਪਾਸੇ ਪਾਣੀ ਭਰਿਆ ਰਿਹਾ। ਟਰੈਕ ’ਤੇ ਪਾਣੀ ਭਰਨ ਕਾਰਨ ਉਚਾਈ ’ਤੇ ਲੱਗੇ ਕੈਮਰੇ ਵਾਹਨ ਦੀ ਫੋਟੋ ਸਹੀ ਢੰਗ ਨਾਲ ਕੈਪਚਰ ਨਹੀਂ ਕਰ ਪਾ ਰਹੇ ਸਨ। ਇਸਦੇ ਨਾਲ ਹੀ ਬਰਸਾਤ ਦੌਰਾਨ ਅਕਸਰ ਕੈਮਰਿਆਂ ਵਿਚ ਪਾਣੀ ਭਰਨ ਨਾਲ ਖਰਾਬੀ ਆ ਜਾਂਦੀ ਹੈ। ਇਸ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕ ਵੀ ਟੈਸਟ ਨਹੀਂ ਹੋ ਸਕਿਆ। ਸੇਵਾਦਾਰਾਂ ਨੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ਜਿਸ ਕਾਰਨ ਮਜਬੂਰ ਹੋ ਕੇ ਸਟਾਫ ਨੂੰ ਕੰਮ ਬੰਦ ਹੋਣ ਦਾ ਨੋਟਿਸ ਚਿਪਕਾਉਣਾ ਪਿਆ।
ਲਰਨਿੰਗ ਟੈਸਟ, ਰੀਨਿਊਅਲ, ਡੁਪਲੀਕੇਟ ਆਦਿ ਬਾਕੀ ਕੰਮ ਰੁਟੀਨ ਵਾਂਗ ਰਹੇ ਚਾਲੂ
ਬਰਸਾਤੀ ਪਾਣੀ ਕਾਰਨ ਸਿਰਫ ਟੈਸਟ ਟਰੈਕ ਦਾ ਕੰਮ ਬੰਦ ਰਿਹਾ ਪਰ ਟਰੈਕ ’ਤੇ ਹੋਣ ਵਾਲੇ ਕੰਮ ਜਿਵੇਂ ਲਾਇਸੈਂਸ ਦੇ ਰੀਨਿਊਅਲ, ਡੁਪਲੀਕੇਟ ਬੇਨਤੀ, ਲਰਨਿੰਗ ਲਾਇਸੈਂਸ ਟੈਸਟ ਆਦਿ ਸਾਰੇ ਕੰਮ ਰੁਟੀਨ ਦਿਨਾਂ ਵਾਂਗ ਜਾਰੀ ਰਹੇ।
ਤਕਨੀਕੀ ਕਾਰਨਾਂ ਕਾਰਨ ਟੈਸਟ ਟਰੈਕ ਦਾ ਕੰਮ ਬੰਦ ਰੱਖਣਾ ਪਿਆ- ਆਰ. ਟੀ. ਏ.
ਸੈਕਰੇਟਰੀ ਆਰ. ਟੀ. ਏ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਾਰਨ ਟੈਸਟ ਟਰੈਕ ਦਾ ਕੰਮਕਾਜ ਬੰਦ ਰੱਖਣਾ ਪਿਆ। ਕਿਉਂਕਿ ਟਰੈਕ ’ਤੇ ਮੌਜੂਦ ਪਾਣੀ ਕਾਰਨ ਕੈਮਰੇ ਵਾਹਨ ਦੀ ਫੋਟੋ ਸਹੀ ਢੰਗ ਨਾਲ ਕੈਪਚਰ ਨਹੀਂ ਕਰ ਸਕਦੇ। ਇਸ ਵਾਰ ਕਈ ਵਾਰ ਬਿਨੈਕਾਰ ਸਹੀ ਟੈਸਟ ਦੇਣ ਦੇ ਬਾਵਜੂਦ ਕੰਪਿਊਟਰ ਵਿਚ ਫੇਲ ਹੋ ਜਾਂਦੇ ਹਨ। ਇਸ ਲਈ ਟੈਸਟ ਦਾ ਕੰਮ ਨਹੀਂ ਚੱਲ ਸਕਦਾ।
