ਖਿਡੌਣਾ ਪਿਸਤੌਲ ਦੀ ਨੋਕ ’ਤੇ ਮੋਬਾਇਲ ਖੋਹਣ ਵਾਲੇ ਲੁਟੇਰੇ ਕਾਬੂ

03/09/2024 6:42:24 PM

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਪੁਲਸ ਚੌਂਕੀ ਬਲਖੰਡੀ ਨੇ ਇਕ ਲੜਕੀ ਤੋਂ ਖਿਡੌਣਾ ਪਿਸਤੌਲ ਦੀ ਨੋਕ ’ਤੇ ਉਸਦਾ ਮੋਬਾਇਲ ਫੋਨ ਖੋਹ ਕੇ ਲਿਜਾਣ ਵਾਲੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਦੋਹਾਂ ਕਥਿਤ ਮੁਲਜ਼ਮਾਂ ਅਜੇ ਸਿੰਘ ਉਰਫ ਬੱਬਾ ਅਤੇ ਦਿਲਪ੍ਰੀਤ ਸਿੰਘ ਦੋਵੇਂ ਨਿਵਾਸੀ ਪਿੰਡ ਮਸੀਤਾਂ ਖਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਬਲਖੰਡੀ ਦੇ ਇੰਚਾਰਜ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਰਮਨਦੀਪ ਕੌਰ ਨਿਵਾਸੀ ਪਿੰਡ ਉਮਰੀਆਣਾ ਨੇ ਕਿਹਾ ਕਿ ਜਦੋਂ ਉਹ 18 ਜਨਵਰੀ ਨੂੰ ਜ਼ਿਲ੍ਹਾ ਕਚਹਿਰੀ ਮੋਗਾ ਤੋਂ ਬੱਸ ਰਾਹੀਂ ਆਪਣੇ ਪਿੰਡ ਆ ਰਹੀ ਸੀ ਤਾਂ ਸ਼ਾਮ ਸਮੇਂ ਜਦੋਂ ਉਹ ਮੋਗਾ ਜ਼ੀਰਾ ਰੋਡ ’ਤੇ ਪੈਂਦੇ ਬੱਸ ਅੱਡਾ ਪਿੰਡ ਉਮਰੀਆਣਾ ਤੋਂ ਉਤਰ ਕੇ ਪੈਦਲ ਘਰ ਨੂੰ ਜਾ ਰਹੀ ਸੀ ਤਾਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਲੁਟੇਰੇ ਆਏ ਜਿਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਜੋ ਕੁਝ ਵੀ ਤੇਰੇ ਕੋਲ ਹੈ ਦੇ ਦੇ, ਜਿਸ ’ਤੇ ਮੈਂ ਉਨ੍ਹਾਂ ਨਾਲ ਹੱਥੋਪਾਈ ਵੀ ਹੋਈ ਪਰ ਲੁਟੇਰੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ।

ਚੌਂਕੀ ਇੰਚਾਰਜ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਉਕਤ ਲੁਟੇਰੇ ਨੌਜਵਾਨ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੇ ਸਨ, ਜਿਸ ਦੇ ਆਧਾਰ ’ਤੇ ਦੋਹਾਂ ਨੂੰ ਦਬੋਚ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰ ਸਾਈਕਲ, ਖਿਡੌਣਾ ਪਿਸਤੋਲ ਅਤੇ ਖੋਹਿਆ ਹੋਇਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਦੋਹਾਂ ਕਥਿਤ ਲੁਟੇਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਜਾਰੀ ਹੈ।


Gurminder Singh

Content Editor

Related News