ਟੋਰਾਂਟੋ-ਅੰਮ੍ਰਿਤਸਰ ਹਵਾਈ ਸੇਵਾ ਦੀ ਮੰਗ ਜਲਦ ਪੂਰੀ ਹੋਣ ਦੀ ਆਸ : ਔਜਲਾ

05/28/2019 11:55:21 AM

ਅੰਮ੍ਰਿਤਸਰ (ਵਾਲੀਆ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਸੰਸਦ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਰੂਬੀ ਸਹੋਤਾ ਅਤੇ ਰਣਦੀਪ ਸਰਾਏ ਵੱਲੋਂ ਟੋਰਾਂਟੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਕੀਤੀ ਮੰਗ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੈਨੇਡਾ ਸੰਸਦ ਵਿਚ ਇਹ ਮੰਗ ਉੱਠਣ ਨਾਲ ਬਹੁਤ ਜਲਦ ਇਸ ਹਵਾਈ ਸੇਵਾ ਪੰਜਾਬੀਆਂ ਤੇ ਕੈਨੇਡੀਅਨ ਦੇ ਸਫਰ ਦਾ ਗਵਾਹ ਬਣਨ ਜਾ ਰਹੀ ਹੈ।

ਕੈਨੇਡਾ ਸੰਸਦ ਵਿਚ ਇਸ ਮੁੱਦੇ ਨੂੰ ਉਠਾਉਣ ਵਾਲੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਆਪਣੇ ਸੰਸਦ ਮੈਂਬਰ ਦੇ ਪਹਿਲੇ ਦੌਰ ਵਿਚ ਜਦ ਉਹ ਕੈਨੇਡਾ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਨੇ ਉਥੋਂ ਦੇ ਸੰਸਦ ਮੈਂਬਰਾਂ ਨੂੰ ਮਿਲ ਕੇ ਅੰਮ੍ਰਿਤਸਰ-ਟੋਰਾਂਟੋ ਹਵਾਈ ਸੇਵਾ ਸ਼ੁਰੂ ਕਰਨ ਦੀ ਸਾਂਝੇ ਤੌਰ 'ਤੇ ਯਤਨ ਕਰਨ ਦੀ ਗੱਲ ਕੀਤੀ ਸੀ। ਸ. ਔਜਲਾ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਇਸ ਹਵਾਈ ਸੇਵਾ ਨੂੰ ਸ਼ੁਰੂ ਕਰਨ ਦੀ ਕੈਨੇਡਾ ਸੰਸਦ ਵਿਚ ਮੰਗ ਉੱਠੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਸੰਸਦ ਦੇ ਪਹਿਲੇ ਸੈਸ਼ਨ ਵਿਚ ਉਹ ਅੰਮ੍ਰਿਤਸਰ-ਟੋਰਾਂਟੋ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ, ਵੈਨਕੂਵਰ ਸਮੇਤ ਹੋਰਨਾਂ ਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਮੰਗ ਨੂੰ ਉਠਾਉਂਦੇ ਰਹੇ ਹਨ।

ਇਸ ਦੇ ਨਾਲ ਹੀ ਸ. ਔਜਲਾ ਨੇ ਕਿਹਾ ਕਿ ਉਹ ਇਸ ਉਡਾਣ ਨੂੰ ਜਲਦ ਸ਼ੁਰੂ ਕਰਵਾਉਣ ਲਈ ਭਾਰਤ ਦੇ ਨਵੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਸਮੇਤ ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ। ਔਜਲਾ ਨੇ ਕਿਹਾ ਕਿ ਟੋਰਾਂਟੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਦਾ ਸਿੱਧਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਜਿੰਨਾਂ ਦੀਆਂ ਸਬਜ਼ੀਆਂ, ਫਲ, ਫੁੱਲ ਤੇ ਦੁੱਧ ਕੈਨੇਡਾ ਦੀ ਮਾਰਕੀਟ ਵਿਚ ਵੱਧ ਰੇਟ 'ਤੇ ਵਿਕਣਗੇ। ਔਜਲਾ ਨੇ ਟੋਰਾਂਟੋ-ਅੰਮ੍ਰਿਤਸਰ ਉਡਾਣ ਸੰਬੰਧੀ ਮੰਗ ਨੂੰ ਉਠਾਉਣ ਵਿਚ 'ਫਲਾਈ ਅੰਮ੍ਰਿਤਸਰ ਮੁਹਿੰਮ' ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।


cherry

Content Editor

Related News