ਛੇ ਦਿਨਾਂ ’ਚ ਤੀਜੀ ਵਾਰ ਹਲਵਾਰਾ-ਦਿੱਲੀ ਹਵਾਈ ਸੇਵਾ ਰੱਦ, 102 ਯਾਤਰੀ ਖੱਜਲ-ਖੁਆਰ
Saturday, Sep 12, 2026 - 11:09 AM (IST)
ਹਲਵਾਰਾ (ਲਾਡੀ ਸਿੱਧੂ) : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਹੂਲਤ ਦੇ ਵੱਡੇ ਦਾਅਵੇ ਹੁਣ ਹੌਲੀ-ਹੌਲੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਨਜ਼ਰ ਆ ਰਹੇ ਹਨ। ਸ਼ਨੀਵਾਰ ਸਵੇਰੇ ਦਿੱਲੀ-ਹਲਵਾਰਾ-ਦਿੱਲੀ ਹਵਾਈ ਸੇਵਾ ਮੁੜ ਰੱਦ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਛੇ ਦਿਨਾਂ ਦੇ ਅੰਦਰ ਇਹ ਤੀਜੀ ਵਾਰ ਹੈ, ਜਦੋਂ ਇਸ ਰੂਟ ਦੀ ਹਵਾਈ ਸੇਵਾ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਉਡਾਣਾਂ ਰੱਦ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ ਉਡਾਣ ਰੱਦ ਹੋਣ ਕਾਰਨ ਹਲਵਾਰਾ ਤੋਂ ਦਿੱਲੀ ਜਾਣ ਵਾਲੇ 102 ਯਾਤਰੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਰਹੇ। ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਯਾਤਰੀਆਂ ਦੀ ਸੀ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ਾਂ ਲਈ ਕਨੈਕਟਿੰਗ ਉਡਾਣਾਂ ਬੁੱਕ ਕਰਵਾਈਆਂ ਹੋਈਆਂ ਸਨ। ਕਿਸੇ ਦੀ ਵਿਦੇਸ਼ ਯਾਤਰਾ ਖਟਾਈ ਵਿਚ ਪੈ ਗਈ, ਕਿਸੇ ਦੀ ਪੜ੍ਹਾਈ ਨਾਲ ਜੁੜਿਆ ਜ਼ਰੂਰੀ ਪ੍ਰੋਗਰਾਮ ਪ੍ਰਭਾਵਿਤ ਹੋਇਆ, ਜਦਕਿ ਕਈ ਕਾਰੋਬਾਰੀਆਂ ਦੇ ਅਹਿਮ ਕੰਮਾਂ ’ਤੇ ਵੀ ਅਸਰ ਪਿਆ।
ਇਹ ਵੀ ਪੜ੍ਹੋ : ਪੰਜਾਬ : ਵਾਹਨਾਂ ਦੀ ਖਰੀਦੋ-ਫਰੋਖਤ ਲਈ ਨਵੀਂ ਪ੍ਰਕਿਰਿਆ ਲਾਗੂ, ਜਾਰੀ ਹੋਏ ਹੁਕਮ
ਦਿੱਲੀ ਤੋਂ ਜਹਾਜ਼ ਹੀ ਨਹੀਂ ਆਇਆ, ਹਲਵਾਰਾ ਤੋਂ ਉਡਾਣ ਵੀ ਹੋਈ ਰੱਦ
ਸ਼ਨੀਵਾਰ ਨੂੰ ਦਿੱਲੀ ਤੋਂ ਹਲਵਾਰਾ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਏ.ਆਈ.-481 ਹਲਵਾਰਾ ਹਵਾਈ ਅੱਡੇ ’ਤੇ ਨਹੀਂ ਪੁੱਜੀ। ਇਹੀ ਜਹਾਜ਼ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਏ.ਆਈ.-482 ਦੇ ਰੂਪ ਵਿਚ ਦਿੱਲੀ ਵਾਪਸ ਜਾਣਾ ਸੀ। ਜਹਾਜ਼ ਦੇ ਹਲਵਾਰਾ ਨਾ ਪਹੁੰਚਣ ਕਾਰਨ ਵਾਪਸੀ ਉਡਾਣ ਵੀ ਆਪਣੇ ਆਪ ਰੱਦ ਹੋ ਗਈ। ਨਤੀਜਾ ਇਹ ਨਿਕਲਿਆ ਕਿ ਸਵੇਰੇ-ਸਵੇਰੇ ਆਪਣੇ ਪਰਿਵਾਰਾਂ ਅਤੇ ਭਾਰੀ-ਭਰਕਮ ਸਮਾਨ ਸਮੇਤ ਹਵਾਈ ਅੱਡੇ ਪੁੱਜੇ ਯਾਤਰੀ ਅਚਾਨਕ ਬੇਵੱਸ ਹੋ ਕੇ ਰਹਿ ਗਏ। ਜਿਸ ਹਵਾਈ ਸਫ਼ਰ ਨੂੰ ਸਮਾਂ ਬਚਾਉਣ ਅਤੇ ਸੜਕ ਦੇ ਲੰਬੇ ਸਫ਼ਰ ਤੋਂ ਰਾਹਤ ਲਈ ਚੁਣਿਆ ਗਿਆ ਸੀ, ਉਹੀ ਯਾਤਰਾ ਹੁਣ ਯਾਤਰੀਆਂ ਲਈ ਨਵੀਂ ਮੁਸੀਬਤ ਬਣ ਗਈ।
ਇਹ ਵੀ ਪੜ੍ਹੋ : ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ
ਵਿਦੇਸ਼ ਜਾਣ ਲਈ ਪੁੱਜੇ 65 ਯਾਤਰੀਆਂ ਨੂੰ ਸਭ ਤੋਂ ਵੱਡਾ ਝਟਕਾ
ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਕਰੀਬ 65 ਯਾਤਰੀਆਂ ਨੂੰ ਹੋਈ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ਾਂ ਲਈ ਕਨੈਕਟਿੰਗ ਫਲਾਈਟਾਂ ਫੜਨੀਆਂ ਸਨ। ਇਨ੍ਹਾਂ ਵਿਚ ਛੋਟੇ ਬੱਚਿਆਂ ਸਮੇਤ ਕਈ ਪਰਿਵਾਰ ਵੀ ਸ਼ਾਮਲ ਸਨ। ਕਈ ਪਰਿਵਾਰ ਵੱਡੇ-ਵੱਡੇ ਸੂਟਕੇਸਾਂ ਅਤੇ ਕਈ ਬੈਗਾਂ ਨਾਲ ਹਵਾਈ ਅੱਡੇ ਪੁੱਜੇ ਸਨ, ਪਰ ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਸਾਰਾ ਸਮਾਨ ਮੁੜ ਗੱਡੀਆਂ ਵਿਚ ਲੱਦ ਕੇ ਬੇਰੰਗ ਵਾਪਸ ਜਾਣਾ ਪਿਆ। ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੀ ਸੂਚਨਾ ਸਮੇਂ ਸਿਰ ਨਹੀਂ ਦਿੱਤੀ ਗਈ। ਦੂਜੇ ਪਾਸੇ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਰਾਤ ਕਰੀਬ ਸਾਢੇ 3 ਵਜੇ ਈ-ਮੇਲ ਰਾਹੀਂ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਯਾਤਰੀਆਂ ਨੇ ਸਵਾਲ ਚੁੱਕਿਆ ਕਿ ਸਵੇਰ ਦੀ ਉਡਾਣ ਤੋਂ ਕੁਝ ਘੰਟੇ ਪਹਿਲਾਂ ਰਾਤ ਦੇ ਸਮੇਂ ਈ-ਮੇਲ ਭੇਜਣ ਦਾ ਕੀ ਫਾਇਦਾ, ਜਦੋਂ ਜ਼ਿਆਦਾਤਰ ਲੋਕ ਸਫ਼ਰ ਦੀ ਤਿਆਰੀ ਜਾਂ ਨੀਂਦ ਵਿੱਚ ਹੁੰਦੇ ਹਨ? ਯਾਤਰੀਆਂ ਦਾ ਕਹਿਣਾ ਸੀ ਕਿ ਇੰਨੀ ਦੇਰ ਰਾਤ ਭੇਜੀ ਗਈ ਈ-ਮੇਲ ਉਨ੍ਹਾਂ ਦੀ ਪ੍ਰੇਸ਼ਾਨੀ ਘਟਾਉਣ ਦੀ ਬਜਾਏ ਸਿਰਫ਼ ਰਸਮੀ ਕਾਰਵਾਈ ਬਣ ਕੇ ਰਹਿ ਗਈ।
ਇਹ ਵੀ ਪੜ੍ਹੋ : ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਕਿਸੇ ਨੇ ਦੁਪਹਿਰ ਦੀ ਫਲਾਈਟ ਫੜੀ, ਕਿਸੇ ਨੇ ਸੜਕ ਰਾਹੀਂ ਕੀਤਾ ਦਿੱਲੀ ਦਾ ਸਫ਼ਰ
ਉਡਾਣ ਰੱਦ ਹੋਣ ਤੋਂ ਬਾਅਦ ਯਾਤਰੀਆਂ ਕੋਲ ਵਿਕਲਪ ਬਹੁਤ ਸੀਮਤ ਰਹਿ ਗਏ। ਕੁਝ ਯਾਤਰੀਆਂ ਨੇ ਦੁਪਹਿਰ ਨੂੰ ਜਾਣ ਵਾਲੀ ਏ.ਆਈ.-484 ਉਡਾਣ ਵਿੱਚ ਸੀਟ ਲੈਣ ਦੀ ਕੋਸ਼ਿਸ਼ ਕੀਤੀ ਅਤੇ ਸੀਟ ਮਿਲਣ ਵਾਲੇ ਯਾਤਰੀਆਂ ਨੂੰ ਕਈ ਘੰਟੇ ਹਵਾਈ ਅੱਡੇ ਦੇ ਵੇਟਿੰਗ ਹਾਲ ਵਿੱਚ ਅਗਲੀ ਉਡਾਣ ਦੀ ਉਡੀਕ ਕਰਨੀ ਪਈ। ਕੁਝ ਯਾਤਰੀਆਂ ਨੇ ਆਪਣੀ ਯਾਤਰਾ ਦੀ ਤਾਰੀਖ ਬਦਲ ਲਈ, ਜਦਕਿ ਦਿੱਲੀ ਕਿਸੇ ਜ਼ਰੂਰੀ ਕੰਮ ਲਈ ਜਾਣ ਵਾਲੇ ਕਈ ਯਾਤਰੀ ਮਜਬੂਰੀ ਵੱਸ ਸੜਕ ਰਾਹੀਂ ਰਵਾਨਾ ਹੋ ਗਏ। ਪਰ ਜਿਨ੍ਹਾਂ ਲੋਕਾਂ ਨੇ ਦਿੱਲੀ ਤੋਂ ਅੱਗੇ ਵਿਦੇਸ਼ਾਂ ਲਈ ਕਨੈਕਟਿੰਗ ਫਲਾਈਟਾਂ ਫੜਨੀਆਂ ਸਨ, ਉਨ੍ਹਾਂ ਲਈ ਸਿਰਫ਼ ਦਿੱਲੀ ਪਹੁੰਚਣਾ ਹੀ ਮੁੱਦਾ ਨਹੀਂ ਸੀ। ਹਲਵਾਰਾ ਦੀ ਇਕ ਉਡਾਣ ਰੱਦ ਹੋਣ ਨਾਲ ਉਨ੍ਹਾਂ ਦੀ ਪੂਰੀ ਯਾਤਰਾ ਲੜੀ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ।
ਹਵਾਈ ਸਫ਼ਰ ਤੋਂ ਮਹਿੰਗਾ ਪਿਆ ਸੜਕ ਰਾਹੀਂ ਦਿੱਲੀ ਪਹੁੰਚਣਾ
ਉਡਾਣ ਰੱਦ ਹੋਣ ਤੋਂ ਬਾਅਦ ਕਈ ਯਾਤਰੀਆਂ ਨੂੰ ਦਿੱਲੀ ਪਹੁੰਚਣ ਲਈ ਮਹਿੰਗੀਆਂ ਟੈਕਸੀਆਂ ਦਾ ਸਹਾਰਾ ਲੈਣਾ ਪਿਆ। ਯਾਤਰੀਆਂ ਮੁਤਾਬਕ ਹਲਵਾਰਾ ਅਤੇ ਸੁਧਾਰ ਇਲਾਕੇ ਤੋਂ ਦਿੱਲੀ ਜਾਣ ਲਈ ਕੁਝ ਮਾਮਲਿਆਂ ਵਿੱਚ ਟੈਕਸੀ ਕਿਰਾਇਆ 10 ਤੋਂ 12 ਹਜ਼ਾਰ ਰੁਪਏ ਤੱਕ ਦੱਸਿਆ ਗਿਆ, ਜਦਕਿ ਵਨ-ਵੇ ਟੈਕਸੀ ਲਈ ਵੀ ਕਰੀਬ 5 ਤੋਂ 5.5 ਹਜ਼ਾਰ ਰੁਪਏ ਤੱਕ ਮੰਗੇ ਜਾਣ ਦੀ ਗੱਲ ਸਾਹਮਣੇ ਆਈ। ਯਾਤਰੀਆਂ ਨੇ ਕਿਹਾ ਕਿ ਜਦੋਂ ਹਵਾਈ ਟਿਕਟ ਦਾ ਖਰਚਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੋਵੇ ਤਾਂ ਉਡਾਣ ਅਚਾਨਕ ਰੱਦ ਹੋਣ ਤੋਂ ਬਾਅਦ ਹਜ਼ਾਰਾਂ ਰੁਪਏ ਦਾ ਵਾਧੂ ਸੜਕ ਆਵਾਜਾਈ ਖਰਚਾ ਆਮ ਪਰਿਵਾਰਾਂ ਦੇ ਬਜਟ ਨੂੰ ਝਟਕਾ ਦਿੰਦਾ ਹੈ। ਕਈ ਯਾਤਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਕੁਝ ਟੈਕਸੀ ਚਾਲਕਾਂ ਵੱਲੋਂ ਮਨਮਾਨੇ ਕਿਰਾਏ ਮੰਗੇ ਗਏ।
ਇਹ ਵੀ ਪੜ੍ਹੋ : 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਇਕੋ ਜਹਾਜ਼ ’ਤੇ ਟਿਕੀ ਪੂਰੀ ਸੇਵਾ, ਜਹਾਜ਼ ਨਾ ਆਇਆ ਤਾਂ ਦੋਵੇਂ ਪਾਸਿਆਂ ਦੀਆਂ ਉਡਾਣਾਂ ਠੱਪ
ਹਲਵਾਰਾ-ਦਿੱਲੀ ਹਵਾਈ ਸੇਵਾ ਦੀ ਸਭ ਤੋਂ ਵੱਡੀ ਕਮਜ਼ੋਰੀ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਇਸ ਰੂਟ ’ਤੇ ਦੋਵੇਂ ਪਾਸਿਆਂ ਦੀਆਂ ਉਡਾਣਾਂ ਇਕੋ ਜਹਾਜ਼ ਦੇ ਰੋਟੇਸ਼ਨ ’ਤੇ ਨਿਰਭਰ ਹਨ। ਦਿੱਲੀ ਤੋਂ ਆਉਣ ਵਾਲਾ ਜਹਾਜ਼ ਹੀ ਹਲਵਾਰਾ ਤੋਂ ਯਾਤਰੀਆਂ ਨੂੰ ਲੈ ਕੇ ਵਾਪਸ ਦਿੱਲੀ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਦਿੱਲੀ ਤੋਂ ਜਹਾਜ਼ ਕਿਸੇ ਤਕਨੀਕੀ ਜਾਂ ਸੰਚਾਲਨ ਸਬੰਧੀ ਕਾਰਨ ਕਰਕੇ ਹਲਵਾਰਾ ਨਹੀਂ ਪਹੁੰਚਦਾ ਤਾਂ ਇੱਥੋਂ ਦਿੱਲੀ ਜਾਣ ਵਾਲੀ ਉਡਾਣ ਲਈ ਵੀ ਕੋਈ ਬਦਲਵਾਂ ਪ੍ਰਬੰਧ ਨਹੀਂ ਰਹਿੰਦਾ। ਸ਼ਨੀਵਾਰ ਨੂੰ ਵੀ ਬਿਲਕੁਲ ਇਹੀ ਹੋਇਆ। ਏ.ਆਈ.-481 ਹਲਵਾਰਾ ਨਹੀਂ ਆਈ ਤਾਂ ਏ.ਆਈ.-482 ਵੀ ਉਡਾਣ ਨਹੀਂ ਭਰ ਸਕੀ। ਯਾਤਰੀਆਂ ਦਾ ਸਵਾਲ ਹੈ ਕਿ ਜੇਕਰ ਇਕ ਜਹਾਜ਼ ਦੀ ਸਮੱਸਿਆ ਨਾਲ ਪੂਰਾ ਰੂਟ ਹੀ ਠੱਪ ਹੋ ਸਕਦਾ ਹੈ ਤਾਂ ਯਾਤਰੀਆਂ ਲਈ ਕੋਈ ਬਦਲਵਾਂ ਜਹਾਜ਼ ਜਾਂ ਐਮਰਜੈਂਸੀ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ?
7 ਅਤੇ 9 ਸਤੰਬਰ ਨੂੰ ਵੀ ਹੋ ਚੁੱਕੀ ਹੈ ਉਡਾਣ ਰੱਦ
ਛੇ ਦਿਨਾਂ ਵਿੱਚ ਤੀਜੀ ਵਾਰ ਸੇਵਾ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਵਿਚ ਨਿਰਾਸ਼ਾ ਵਧ ਰਹੀ ਹੈ। ਇਸ ਤੋਂ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਦਿੱਲੀ-ਹਲਵਾਰਾ-ਦਿੱਲੀ ਰੂਟ ਦੀ ਉਡਾਣ ਰੱਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਕਨੀਕੀ ਅਤੇ ਹੋਰ ਸੰਚਾਲਨ ਸਬੰਧੀ ਕਾਰਨਾਂ ਕਰਕੇ ਯਾਤਰੀਆਂ ਨੂੰ ਪਹਿਲਾਂ ਵੀ ਕਈ ਘੰਟੇ ਹਵਾਈ ਅੱਡੇ ’ਤੇ ਉਡੀਕ ਕਰਨੀ ਪਈ ਹੈ। ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਨੇ ਯਾਤਰੀਆਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਨਵੇਂ ਹਵਾਈ ਅੱਡੇ ਤੋਂ ਮਿਲਣ ਵਾਲੀ ਸਹੂਲਤ ਅਸਲ ਵਿਚ ਭਰੋਸੇਯੋਗ ਵੀ ਹੈ ਜਾਂ ਨਹੀਂ?
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਪੀਐੱਸਪੀਸੀਐੱਲ ਨੇ ਲਿਆ ਵੱਡਾ ਫ਼ੈਸਲਾ
ਜਿਸ ਏਅਰਪੋਰਟ ਤੋਂ ਰਾਹਤ ਦੀ ਉਮੀਦ ਸੀ, ਉਹ ਨਵੀਂ ਪ੍ਰੇਸ਼ਾਨੀ ਨਾ ਬਣ ਜਾਵੇ
ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਮਗਰੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉਮੀਦ ਸੀ ਕਿ ਹੁਣ ਦਿੱਲੀ ਜਾਣ ਲਈ ਲੰਬੇ ਅਤੇ ਥਕਾਵਟ ਭਰੇ ਸੜਕ ਸਫ਼ਰ ਤੋਂ ਰਾਹਤ ਮਿਲੇਗੀ। ਖ਼ਾਸ ਕਰਕੇ ਵਿਦੇਸ਼ ਜਾਣ ਵਾਲੇ ਯਾਤਰੀਆਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਪਰਿਵਾਰਾਂ ਲਈ ਇਹ ਹਵਾਈ ਸੇਵਾ ਵੱਡੀ ਸਹੂਲਤ ਸਾਬਤ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਜੇਕਰ ਹਫ਼ਤੇ ਵਿਚ ਵਾਰ-ਵਾਰ ਉਡਾਣਾਂ ਰੱਦ ਹੁੰਦੀਆਂ ਰਹੀਆਂ, ਯਾਤਰੀਆਂ ਨੂੰ ਆਖ਼ਰੀ ਸਮੇਂ ਸੂਚਨਾ ਮਿਲਦੀ ਰਹੀ ਅਤੇ ਹਜ਼ਾਰਾਂ ਰੁਪਏ ਖਰਚ ਕਰਕੇ ਟੈਕਸੀਆਂ ਜਾਂ ਸੜਕ ਰਾਹੀਂ ਦਿੱਲੀ ਜਾਣਾ ਪਿਆ ਤਾਂ ਹਵਾਈ ਸੇਵਾ ਸ਼ੁਰੂ ਕਰਨ ਦਾ ਮੂਲ ਮਕਸਦ ਹੀ ਕਮਜ਼ੋਰ ਹੋ ਜਾਵੇਗਾ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਏਅਰਲਾਈਨ ਅਤੇ ਹਵਾਈ ਅੱਡਾ ਪ੍ਰਬੰਧਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਲਗਾਤਾਰ ਉਡਾਣਾਂ ਰੱਦ ਹੋਣ ਦੇ ਕਾਰਨਾਂ ਬਾਰੇ ਸਪੱਸ਼ਟ ਜਵਾਬ ਦੇਣ। ਨਾਲ ਹੀ ਐਮਰਜੈਂਸੀ ਸਥਿਤੀ ਵਿੱਚ ਬਦਲਵੀਂ ਵਿਵਸਥਾ, ਸਮੇਂ ਸਿਰ ਸੂਚਨਾ ਅਤੇ ਕਨੈਕਟਿੰਗ ਫਲਾਈਟ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਤਾਂ ਜੋ ਹਲਵਾਰਾ ਤੋਂ ਹਵਾਈ ਸਫ਼ਰ ਦੀ ਸਹੂਲਤ ਲੋਕਾਂ ਲਈ ਰਾਹਤ ਬਣੇ, ਰੋਜ਼-ਰੋਜ਼ ਦੀ ਖੱਜਲ-ਖੁਆਰੀ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
