ਗੁਰਦੁਆਰਾ ਸੰਗਰਾਵਾਂ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ 20 ਸਤੰਬਰ ਤੋਂ ਹੋਵੇਗੀ ਆਰੰਭ
Wednesday, Sep 16, 2026 - 08:54 PM (IST)
ਅੰਮ੍ਰਿਤਸਰ (ਸਰਬਜੀਤ): ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਹਫ਼ਤਾਵਰੀ ਅੰਮ੍ਰਿਤ ਵੇਲਾ ਕੀਰਤਨ ਸਮਾਗਮ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਦੀ ਅਗਵਾਈ ਹੇਠ ਗੰਡਾ ਸਿੰਘ ਕਲੋਨੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ ਸਮਾਗਮ ਦੌਰਾਨ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਿਆ ਅਤੇ ਨਾਮ ਸਿਮਰਨ ਤੇ ਸੇਵਾ ਦੇ ਮਹੱਤਵ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਉਨ੍ਹਾ ਕਿਹਾ ਕਿ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸੰਗਰਾਵਾਂ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ 20 ਸਤੰਬਰ ਨੂੰ ਆਰੰਭ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਕਾਰ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਸੰਗਤ ਲਈ ਵੱਡੀ ਸੇਵਾ ਹੈ ਅਤੇ ਸੰਗਤਾਂ ਨੂੰ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ।
