ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ

Wednesday, Jul 05, 2023 - 03:41 PM (IST)

ਟਮਾਟਰ ਨੇ ਮੁਰਗੇ ਦੇ ਮੁੱਲ ਪਛਾੜੇ ਤੇ ਅਦਰਕ ਦੀਆਂ ਕੀਮਤਾਂ ਨੇ ਜੜਿਆ ਦੋਹਰਾ ਸੈਂਕੜਾ

ਲੁਧਿਆਣਾ (ਖੁਰਾਣਾ) : ਮੌਜੂਦਾ ਸਮੇਂ ਦੌਰਾਨ ਲੋੜ ਤੋਂ ਵੱਧ ਲਾਲ ਹੋਏ ਟਮਾਟਰ ਨੇ ਮੁਰਗੇ ਦੀਆਂ ਕੀਮਤਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ ਕਿਉਂਕਿ ਜਿੱਥੇ ਇਸ ਸਮੇਂ ਮਾਰਕੀਟ ’ਚ ਮੁਰਗਾ ਗਰੀਬ 80 ਤੋਂ 100 ਰੁਪਏ ਕਿਲੋ ਵਿਕ ਰਿਹਾ ਹੈ, ਉੱਥੇ ਟਮਾਟਰ ਦੀ ਕੀਮਤ 80 ਤੋਂ 120 ਰੁਪਏ ਕਿਲੋ ਦਾ ਅੰਕੜਾ ਛੂਹਣ ਲੱਗੀ ਹੈ। ਟਮਾਟਰ ਦੀਆਂ ਕੀਮਤਾਂ ’ਚ ਆਏ ਭਾਰੀ ਉਛਾਲ ਕਾਰਨ ਲੋਕਾਂ ’ਚ ਸੋਸ਼ਲ ਮੀਡੀਆ ’ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ, ਜੋ ਇਕ-ਦੂਜੇ ਨੂੰ ਸੁਝਾਅ ਦੇਣ ਲੱਗੇ ਹਨ ਕਿ ਜੇਕਰ ਅਸੀਂ ਸਭ ਲਗਾਤਾਰ 3 ਦਿਨਾਂ ਤੱਕ ਟਮਾਟਰ ਨਹੀਂ ਖਰੀਦਾਂਗੇ ਤਾਂ ਜਮ੍ਹਾਖੋਰਾਂ ਦਾ ਲੱਕ ਟੁੱਟ ਜਾਵੇਗਾ ਅਤੇ ਟਮਾਟਰ ਦੀਆਂ ਕੀਮਤਾਂ ਖੁਦ ਹੀ ਡਿੱਗ ਜਾਣਗੀਆਂ। ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਜਿਸ ਦਾ ਵੀ ਭਾਅ ਵਧ ਜਾਵੇ, ਉਸ ਦਾ ਤਿਆਗ ਕਰ ਦਿੱਤਾ ਜਾਵੇ। ਫਿਰ ਚਾਹੇ ਉਹ ਟਮਾਟਰ ਹੀ ਕਿਉਂ ਨਾ ਹੋਵੇ। ਅੱਗੇ ਪੁੱਛਿਆ ਕਿ ਤੁਹਾਡੇ ਸ਼ਹਿਰ ’ਚ ਟਮਾਟਰ ਦਾ ਕੀ ਰੇਟ ਚੱਲ ਰਿਹਾ ਹੈ। ਟਮਾਟਰ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਕਾਰਨ ਛੋਟੇ ਢਾਬਿਆਂ ਅਤੇ ਰੈਸਟੋਰੈਂਟਾਂ ਦੇ ਸੰਚਾਲਕਾਂ ਵਲੋਂ ਗਾਹਕਾਂ ਨੂੰ ਰੋਟੀ ਦੇ ਨਾਲ ਪਰੋਸੇ ਜਾਣ ਵਾਲੇ ਸਲਾਦ ਦੀ ਥਾਲੀ ’ਚੋਂ ਟਮਾਟਰ ਗਾਇਬ ਹੋਣ ਲੱਗਾ ਹੈ।

PunjabKesari

ਅਜਿਹੇ ’ਚ ਦੇਖਣ ਵਾਲੀ ਅਹਿਮ ਗੱਲ ਇਹ ਵੀ ਹੈ ਕਿ ਗਲੀ-ਮੁਹੱਲਿਆਂ ’ਚ ਸਬਜ਼ੀਆਂ ਦੀਆਂ ਰੇਹੜੀਆਂ ਲੈ ਕੇ ਆਉਣ ਵਾਲੇ ਸਟ੍ਰੀਟ ਵੈਂਡਰ ਵੀ ਹੁਣ ਟਮਾਟਰ ਖਰੀਦਣ ਅਤੇ ਵੇਚਣ ਤੋਂ ਹੱਥ ਪਿੱਛੇ ਖਿੱਚਣ ਲੱਗੇ ਹਨ ਕਿਉਂਕਿ ਹੋਲਸੇਲ ਸਬਜ਼ੀ ਮੰਡੀ ’ਚ ਵੀ ਟਮਾਟਰ ਦੀਆਂ ਕੀਮਤਾਂ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਕੋਈ ਵੀ ਸ਼ਾਮ ਤੱਕ ਟਮਾਟਰ ਦੀ ਵਿਕਰੀ ਨਾ ਹੋਣ ਅਤੇ ਖਰਾਬ ਹੋਣ ਦੀ ਸਥਿਤੀ ’ਚ ਨੁਕਸਾਨ ਸਹਿਣ ਲਈ ਤਿਆਰ ਨਹੀਂ ਹੈ। ਸਿੱਧੇ ਲਫਜ਼ਾਂ ’ਚ ਕਿਹਾ ਜਾਵੇ ਤਾਂ ਟਮਾਟਰ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ

ਬੇਲਗਾਮ ਮਹਿੰਗਾਈ ’ਤੇ ਨਕੇਲ ਕੱਸੇ ਸਰਕਾਰ
ਦੂਜੇ ਪਾਸੇ ਹੋਰਨਾਂ ਕਈ ਸਬਜ਼ੀਆਂ ਦੀਆਂ ਅੱਗ ਉੱਲਗਦੀਆਂ ਕੀਮਤਾਂ ਨੇ ਵੀ ਆਮ ਜਨਤਾ ਨੂੰ ਮਹਿੰਗਾਈ ਦੀ ਭੱਠੀ ’ਚ ਝੋਕ ਕੇ ਰੱਖ ਦਿੱਤਾ ਹੈ, ਜਿਨ੍ਹਾਂ ’ਚ ਖਾਸ ਕਰ ਕੇ ਅਦਰਕ, ਸ਼ਿਮਲਾ ਮਿਰਚ, ਫੁੱਲ ਗੋਭੀ, ਭਿੰਡੀ, ਅਰਬੀ ਅਤੇ ਪਿਆਜ਼ ਆਦਿ ਸ਼ਾਮਲ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਰਿਟੇਲ ਬਾਜ਼ਾਰ ’ਚ ਅਦਰਕ ਦੀਆਂ ਕੀਮਤਾਂ ਦੋਹਰਾ ਸੈਂਕੜਾ ਜੜ ਚੁੱਕੀਆਂ ਹਨ। ਬਾਜ਼ਾਰ ’ਚ ਸਬਜ਼ੀਆਂ ਦੀ ਖਰੀਦਦਾਰੀ ਲਈ ਨਿਕਲੀਆਂ ਔਰਤਾਂ ਅਮਰਜੀਤ ਕੌਰ, ਸੁਖਵੰਤ ਕੌਰ, ਰੀਤੂ ਸ਼ਰਮਾ, ਦਿਵਿਆ ਥਾਪਰ ਅਤੇ ਰਿੰਕੀ ਮਿਸ਼ਰਾ ਨੇ ਕਿਹਾ ਕਿ ਮਹਿੰਗਾਈ ਕਾਰਨ ਕਿਸੇ ਵੀ ਸਬਜ਼ੀ ਨੂੰ ਹੱਥ ਤੱਕ ਲਗਾਉਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਲਗਾਮ ਮਹਿੰਗਾਈ ’ਤੇ ਲਗਾਮ ਪਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ’ਚ ਹੋਏ ਬੇਤਹਾਸ਼ਾ ਵਾਧੇ ਕਾਰਨ ਹਰ ਪਰਿਵਾਰ ਦਾ ਘਰੇਲੂ ਬਜਟ ਤਹਿਸ-ਨਹਿਸ ਹੋ ਕੇ ਰਹਿ ਗਿਆ ਹੈ।

ਇਹ ਵੀ ਪੜ੍ਹੋ : ਸਾਵਧਾਨ! ਅਣਜਾਣ ਵੀਡੀਓ ਕਾਲ ਨੂੰ ਨਾ ਕਰੋ ਰਿਸੀਵ, ਨਹੀਂ ਤਾਂ ਹੋ ਸਕਦੇ ਹੋ ਹਨੀ ਟ੍ਰੈਪ ਦਾ ਸ਼ਿਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News