ਪੰਜਾਬ ਵਾਸੀਆਂ ਲਈ ਵੱਡੀ ਰਾਹਤ, ਹਾਈਵੇਅ ਤੋਂ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਇਹ ਟੋਲ ਪਲਾਜ਼ਾ
Tuesday, Dec 23, 2025 - 02:48 PM (IST)
ਬਾਘਾ ਪੁਰਾਣਾ (ਅਜੇ) : ਬਾਘਾ ਪੁਰਾਣਾ–ਮੋਗਾ ਰੋਡ ’ਤੇ ਸਥਿਤ ਪਿੰਡ ਚੰਦ ਪੁਰਾਣਾ ਵਿਖੇ ਬਣਿਆ ਟੋਲ ਪਲਾਜ਼ਾ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਿਆ ਸੀ ਪਰ ਇਸ ਦਾ ਸਾਜੋ-ਸਾਮਾਨ ਤੇ ਸਟਰਕਚਰ (ਇਮਾਰਤ) ਜਿਉਂ ਦੀ ਤਿਉਂ ਖੜ੍ਹੀ ਸੀ, ਇਹ ਸਟਰਕਚਰ ਸਾਲਾਂ ਤੋਂ ਗੁਜ਼ਰ ਰਹੇ ਰਾਹਗੀਰਾਂ ਲਈ ਇਕ ਵੱਡਾ ਖ਼ਤਰਾ ਬਣਿਆ ਹੋਇਆ ਸੀ, ਖਾਸ ਕਰਕੇ ਇਨ੍ਹਾਂ ਦਿਨਾਂ ਵਿਚ ਜਦੋਂ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹਿੰਦੀ ਹੈ। ਬੰਦ ਪਏ ਟੋਲ ਪਲਾਜ਼ਾ ਦੇ ਪਿੱਲਰਾਂ, ਸ਼ੈੱਡਾਂ ਅਤੇ ਡਿਵਾਈਡਰਾਂ ਨੇ ਕਈ ਵਾਹਨਾਂ ਨੂੰ ਧੁੰਦ ਵਿਚ ਧੋਖਾ ਦੇ ਕੇ ਹਾਦਸਿਆਂ ਦਾ ਕਾਰਨ ਬਣਾਇਆ ਹੈ ਅਤੇ ਕਈ ਛੋਟੇ–ਵੱਡੇ ਹਾਦਸੇ ਇਥੇ ਵਾਪਰ ਚੁੱਕੇ ਹਨ। ਰਾਹਗੀਰਾਂ ਅਤੇ ਰੋਜ਼ਾਨਾ ਲੰਘਣ ਵਾਲੇ ਡਰਾਈਵਰਾਂ ਵਲੋਂ ਇਸ ਸਟਰਕਚਰ ਬਾਰੇ ਲਗਾਤਾਰ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਬੰਦ ਪਿਆ ਟੋਲ ਪਲਾਜ਼ਾ ਜਿੰਨਾ ਮਰਜ਼ੀ ਪੁਰਾਣਾ ਹੋਵੇ ਪਰ ਉਸ ਦਾ ਖੜ੍ਹਾ ਸਾਜੋ-ਸਾਮਾਨ ਕਿਸੇ ਵੀ ਸਮੇਂ ਵੱਡੀ ਘਟਨਾ ਦਾ ਕਾਰਨ ਬਣ ਸਕਦਾ ਸੀ। ਖ਼ਾਸ ਕਰਕੇ ਰਾਤ ਸਮੇਂ ਅਤੇ ਧੁੰਦ ਵਾਲੇ ਮੌਸਮ ਵਿਚ ਇਹ ਸਟਰਕਚਰ ਸੜਕ ਵਿਚਕਾਰ ਇਕ ਵੱਡੀ ਰੁਕਾਵਟ ਵਜੋਂ ਸਾਹਮਣੇ ਆ ਜਾਂਦਾ ਸੀ, ਜੋ ਡਰਾਈਵਰਾਂ ਨੂੰ ਅਚਾਨਕ ਸੜਕ ’ਤੇ ਇਕ ਅਣਚਾਹੀ ਰੁਕਾਵਟ ਵਾਂਗ ਮਿਲਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਓਵਰਬ੍ਰਿਜ ਤੋਂ ਲੰਘ ਰਹੇ ਹੋ ਤਾਂ ਸਾਵਧਾਨ, ਲਕਸ਼ਮਣ ਝੂਲੇ ਦੀ ਤਰ੍ਹਾਂ ਰਿਹਾ ਹਿੱਲ
ਲੋਕ ਸਮੱਸਿਆ ਨੂੰ ਦੇਖਦੇ ਹੋਏ ‘ਜਗ ਬਾਣੀ’ ਵੱਲੋਂ ਇਸ ਮਸਲੇ ਨੂੰ ਵਿਸ਼ੇਸ਼ ਤੌਰ ’ਤੇ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ। ਖ਼ਬਰ ਨਸ਼ਰ ਹੋਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੁਰੰਤ ਹਰਕਤ ਵਿਚ ਆ ਗਏ। ਲੋਕਾਂ ਵਿਚ ਇਸ ਖ਼ਬਰ ਨੂੰ ਲੈ ਕੇ ਕਾਫ਼ੀ ਰੁਚੀ ਅਤੇ ਉਮੀਦ ਪੈਦਾ ਹੋਈ ਕਿ ਸ਼ਾਇਦ ਹੁਣ ਇਹ ਖਤਰਨਾਕ ਸਟਰਕਚਰ ਹਟਾਇਆ ਜਾਵੇਗਾ। ਅੱਜ ਇਸ ਖ਼ਬਰ ਦਾ ਸਿੱਧਾ ਪ੍ਰਭਾਵ ਸਾਹਮਣੇ ਆਇਆ ਹੈ। ਪ੍ਰਸ਼ਾਸਨ ਵੱਲੋਂ ਬਾਘਾ ਪੁਰਾਣਾ–ਮੋਗਾ ਰੋਡ ’ਤੇ ਪਿੰਡ ਚੰਦ ਪੁਰਾਣਾ ਵਿਖੇ ਟੋਲ ਪਲਾਜ਼ਾ ਦੇ ਸਾਜੋ-ਸਾਮਾਨ ਅਤੇ ਸਟਰਕਚਰ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਹੈ। ਮਸ਼ੀਨਰੀ ਲਗਾ ਕੇ ਸ਼ੈੱਡਾਂ, ਬੂਥਾਂ ਅਤੇ ਦੂਜੇ ਬਣਤਰਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਸੜਕ ਨੂੰ ਪੂਰੀ ਤਰ੍ਹਾਂ ਖਾਲੀ ਕਰ ਕੇ ਵਾਹਨਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ। ਇਸ ਕਾਰਵਾਈ ਨਾਲ ਰਾਹਗੀਰਾਂ ਅਤੇ ਸਥਾਨਕ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਆਇਆ ਵਿਵਾਦਾਂ 'ਚ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਉਨ੍ਹਾਂ ਨੇ ‘ਜਗ ਬਾਣੀ’ ਵੱਲੋਂ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਪ੍ਰਸ਼ੰਸਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੀਡੀਆ ਲੋਕਾਂ ਦੀ ਆਵਾਜ਼ ਬਣ ਕੇ ਅਜਿਹੇ ਮੁੱਦੇ ਉਠਾਉਂਦਾ ਹੈ ਤਾਂ ਪ੍ਰਸ਼ਾਸਨ ਤਕ ਸੱਚੀ ਤਸਵੀਰ ਪਹੁੰਚਦੀ ਹੈ ਅਤੇ ਜਨਤਕ ਸੁਰੱਖਿਆ ਲਈ ਜ਼ਰੂਰੀ ਕਦਮ ਤੁਰੰਤ ਚੁੱਕੇ ਜਾਂਦੇ ਹਨ। ਟੋਲ ਪਲਾਜ਼ਾ ਦਾ ਸਟਰਕਚਰ ਢਹਿਣ ਨਾਲ ਹੁਣ ਇਸ ਰੋਡ ’ਤੇ ਹਾਦਸਿਆਂ ਦੇ ਖਤਰੇ ਵਿਚ ਕਾਫ਼ੀ ਕਮੀ ਆਵੇਗੀ, ਖਾਸ ਕਰ ਕੇ ਧੁੰਦ ਵਾਲੇ ਦਿਨਾਂ ਵਿਚ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਆਂ ਸਕੂਲਾਂ ਨੂੰ ਲੈ ਸਰਕਾਰ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
