ਫਾਸਟੈਗ ਅਕਾਊਂਟ ਨਾਲ ਲੱਗਾ ਚੂਨਾ, ਇਕ ਵਾਰ ਲੰਘੀ ਗੱਡੀ, 2 ਵਾਰ ਕੱਟੇ ਪੈਸੇ
Sunday, Jan 05, 2020 - 01:35 PM (IST)
ਜਲੰਧਰ (ਪੁਨੀਤ)— ਟੋਲ ਪਲਾਜ਼ਿਆਂ 'ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਦਿਵਾਉਣ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਾਸਟੈਗ ਸਕੀਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਨੇ ਇਕ ਵਾਰ ਟੋਲ ਪਲਾਜ਼ਾ ਪਾਰ ਕੀਤਾ ਪਰ 2 ਵਾਰ ਪੈਸੇ ਕੱਟੇ ਗਏ।
ਜਾਣਕਾਰੀ ਦਿੰਦੇ ਜਲੰਧਰ ਕੈਂਟ ਸਥਿਤ ਅਟਵਾਲ ਹਾਊਸ ਕਾਲੋਨੀ ਵਾਸੀ ਦਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ 23 ਦਸੰਬਰ ਨੂੰ ਗੱਡੀ ਨੰਬਰ ਪੀ ਬੀ 08-ਬੀ. ਆਰ., 1224 (ਵੈਗਨਾਰ) ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘੇ ਤਾਂ ਇਸ ਦੌਰਾਨ ਉਨ੍ਹਾਂ ਦੇ ਫਾਸਟੈਗ ਅਕਾਊਂਟ 'ਚੋਂ 130 ਰੁਪਏ ਕੱਟੇ ਗਏ। ਇਸ ਤੋਂ ਬਾਅਦ ਉਹ ਦੁਬਾਰਾ ਲੁਧਿਆਣਾ ਵਲ ਨਹੀਂ ਗਏ ਪਰ 3 ਜਨਵਰੀ ਨੂੰ ਉਨ੍ਹਾਂ ਨੂੰ ਮੋਬਾਇਲ 'ਤੇ ਲੁਧਿਆਣਾ ਦੀ ਐਂਟਰੀ ਦਾ ਮੈਸੇਜ ਆਇਆ। ਇਸ ਮੈਸੇਜ 'ਚ ਦੱਸਿਆ ਗਿਆ ਕਿ 23 ਦਸੰਬਰ ਨੂੰ ਟੋਲ ਪਲਾਜ਼ਾ ਤੋਂ ਲੰਘਣ ਕਾਰਣ ਉਨ੍ਹਾਂ ਦੇ ਅਕਾਊਂਟ 'ਚੋਂ 320 ਰੁਪਏ ਕੱਟ ਲਏ ਗਏ ਹਨ।
ਰਿਟਾ. ਪੀ. ਡਬਲਿਊ. ਡੀ. ਕਰਮਚਾਰੀ ਦਵਿੰਦਰ ਕੁਮਾਰ ਨੇ ਕਿਹਾ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਨਾਲ ਲੋਕਾਂ ਨੂੰ ਚੂਨਾ ਲੱਗਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਪਰ ਸਰਕਾਰ ਇਸ ਵਲ ਧਿਆਨ ਨਹੀਂ ਦੇ ਰਹੀ। ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਲਈ ਸਬੰਧਤ ਕੰਪਨੀ ਨੂੰ ਜੁਰਮਾਨਾ ਕੀਤਾ ਜਾਵੇ ਤਾਂ ਜੋ ਇਹ ਗਲਤੀਆਂ ਦੁਹਰਾਈਆਂ ਨਾ ਜਾਣ।