ਵੜਿੰਗ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਗੁੰਡਾਗਰਦੀ, ਸ਼ਰੇਆਮ ਨੌਜਵਾਨ ਦੀ ਕੁੱਟਮਾਰ
Monday, Apr 01, 2019 - 05:38 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਬੀਤੀ ਰਾਤ ਪਿੰਡ ਵੜਿੰਗ ਦੇ ਕੋਲ ਸਥਿਤ ਟੋਲ ਪਲਾਜ਼ਾ ਵਾਲਿਆਂ ਦੀ ਕਥਿਤ ਗੁੰਡਾਗਰਦੀ ਉਸ ਸਮੇਂ ਸਾਹਮਣ ਆਈ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਪਰਚੀ ਹੋਣ ਦੇ ਬਾਵਜੂਦ ਇਕ ਛੋਟੇ ਹਾਥੀ ਚਾਲਕ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ 'ਤੇ ਡੂੰਘੀ ਸੱਟ ਲੱਗੀ। ਥਾਣਾ ਬਰੀਵਾਲਾ ਪੁਲਸ ਨੇ ਮੌਕਾ ਦੇਖਣ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਬਰੀਵਾਲਾ ਨਿਵਾਸੀ ਅਮਨਦੀਪ ਸਿੰਘ ਉਰਫ਼ ਮੰਗਾ ਨੇ ਦੱਸਿਆ ਕਿ ਉਹ ਸਵੇਰੇ ਪਹਿਲਾਂ ਪਰਚੀ ਕਟਵਾ ਕੇ ਚੱਕਰ ਲਗਾਉਣ ਲਈ ਗਿਆ ਸੀ। ਉਹ ਦੁਪਹਿਰ ਨੂੰ ਵਾਪਿਸ ਆ ਗਿਆ। ਉਸ ਦੇ ਬਾਅਦ ਉਹ ਆਪਣੀ ਪਤਨੀ ਨੂੰ ਪੇਕੇ ਲੈਣ ਲਈ ਫਿਰ ਗਿਆ ਸੀ ਅਤੇ ਉਸ ਨੇ ਸ਼ਾਮ ਨੂੰ 5:35 'ਤੇ ਦੋਵੇਂ ਪਾਸਿਆਂ ਦੀ ਪਰਚੀ ਕਰਵਾਈ ਸੀ। ਕਰੀਬ ਦਸ ਵਜੇ ਜਦੋਂ ਵਾਪਿਸ ਆਇਆ ਤਾਂ ਉਸ ਦੇ ਅੱਗੇ ਦੋ ਤਿੰਨ ਟਰੱਕ ਵਾਲੇ ਖੜੇ ਸੀ ਅਤੇ ਉਹ ਉਨ੍ਹਾਂ ਦੇ ਨਾਲ ਬਹਿਸ ਕਰ ਰਿਹੇ ਸੀ। ਉਸ ਨੇ ਪਿੱਛੇ ਤੋਂ ਹਾਰਨ ਵਜਾਇਆ ਅਤੇ ਕਿਹਾ ਕਿ ਉਸਦੇ ਕੋਲ ਪਰਚੀ ਹੈ ਉਸ ਨੂੰ ਜਾਣ ਦਿੱਤਾ ਜਾਵੇ ਕਿਉਂਕਿ ਨਾਲ ਉਸ ਦੀ ਪਤਨੀ ਵੀ ਹੈ ਉਹ ਕਦੋਂ ਤੱਕ ਇਥੇ ਖੜ੍ਹਾ ਰਹੇਗਾ।
ਇਸ ਗੱਲ ਨੂੰ ਲੈ ਕੇ ਉਥੇ ਖੜੇ ਟੋਲ ਪਲਾਜ਼ਾ ਦੇ ਇਕ ਕਰਮਚਾਰੀ ਨੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਵੀ ਲਾਠੀ ਨਾਲ ਵਾਰ ਕੀਤਾ ਜਿਸ ਕਾਰਨ ਉਸ ਦਾ ਸ਼ੀਸ਼ਾ ਕਰੈਕ ਹੋ ਗਿਆ। ਇਸ ਦੌਰਾਨ ਗੁੱਸੇ ਵਿਚ ਆ ਕੇ ਉਸ ਨੇ ਵੀ ਕੈਬਨ ਦਾ ਸ਼ੀਸ਼ਾ ਤੋੜ ਦਿੱਤਾ। ਇਸ ਕੁੱਟਮਾਰ ਦੌਰਾਨ ਉਸ ਦੇ ਹੱਥ 'ਤੇ ਸੱਟ ਵੱਜੀ। ਸੂਚਨਾ ਮਿਲਦੇ ਹੀ ਥਾਣਾ ਬਰੀਵਾਲਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਮਾਮਲਾ ਵੱਧਦਾ ਦੇਖ ਕੇ ਟੋਲ ਪਲਾਜ਼ਾ ਵਾਲੇ ਉਥੋ ਖਿਸਕ ਗਏ। ਜਿਸ ਦੇ ਬਾਅਦ ਜ਼ਖ਼ਮੀ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਮੁਕਤਸਰ ਵਿਚ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਮੌਕੇ 'ਤੇ ਕਵਰੇਜ਼ ਕਰਨ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਟੋਲ ਪਲਾਜ਼ਾ ਦੇ ਕਰਮਚਾਰੀ ਉਲਝ ਪਏ। ਉਹ ਵਾਰ-ਵਾਰ ਉਨ੍ਹਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕਰਦੇ ਰਹੇ। ਟੋਲ ਪਲਾਜ਼ਾ ਦੇ ਮੈਨੇਜ਼ਰ ਸਚਿਨ ਕਾਂਸਲ ਦਾ ਕਹਿਣਾ ਸੀ ਉਨ੍ਹਾਂ ਦੇ ਕਰਮਚਾਰੀਆਂ ਨੇ ਹੀ ਇਹ ਗਲਤੀ ਕੀਤੀ ਹੈ। ਉਹ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ। ਥਾਣਾ ਬਰੀਵਾਲਾ ਦੇ ਇੰਚਾਰਜ ਨਿਰਮਲ ਸਿੰਘ ਮਾਨ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਕੋਲ ਹਸਪਤਾਲ ਤੋਂ ਕੋਈ ਸ਼ਿਕਾਇਤ ਨਹੀਂ ਆਈ। ਜੋ ਵੀ ਬਿਆਨ ਕਰਵਾਏ ਜਾਣਗੇ ਉਸ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।