ਟੌਲ ਪਲਾਜ਼ਾ ਕਾਲਾਝਾੜ ਦੀ ਮੈਨੇਜਮੈਂਟ ਖਿਲਾਫ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ
Monday, Apr 01, 2019 - 04:28 PM (IST)
ਭਵਾਨੀਗੜ੍ਹ (ਅੱਤਰੀ) : ਇੱਥੋਂ ਥੋੜੀ ਦੂਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾਝਾੜ ਦੇ ਟੌਲ ਪਲਾਜ਼ਾ ਦੇ ਵਰਕਰਾਂ ਨੇ ਮੈਨੇਜਮੈਂਟ ਦੇ ਅੜੀਅਲ ਵਤੀਰੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਲ ਇੰਡੀਆ ਟੌਲ ਪਲਾਜ਼ਾ ਵਰਕਰ ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ, ਸੀ. ਪੀ. ਐੱਮ. ਦੇ ਸੂਬਾ ਸਕੱਤਰੇਤ ਭੂਪ ਚੰਦ ਚੰਨੋ, ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਬਲਜਿੰਦਰ ਸਿੰਘ ਗੋਗੀ ਸਾਬਕਾ ਸਰਪੰਚ ਚੰਨੋ, ਦਰਸ਼ਨ ਸਿੰਘ ਕਾਲਾਝਾੜ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਨੂਰਪੁਰਾ ਅਤੇ ਦਰਸ਼ਨ ਸਿੰਘ ਸਾਬਕਾ ਸਰਪੰਚ ਰਾਜਪੁਰਾ ਨੇ ਕਿਹਾ ਕਿ ਟੌਲ ਪਲਾਜ਼ਾ ਦੀ ਨਵੀਂ ਮੈਨੇਜਮੈਂਟ ਆਪਣਾ ਅੜੀਅਲ ਵਤੀਰਾ ਲਾਗੂ ਕਰਦਿਆਂ ਪੁਰਾਣੇ ਕਰਮਚਾਰੀਆਂ ਨੂੰ ਖੱਜਲ-ਖੁਆਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢ ਰਹੀ ਹੈ। ਇਲਾਕੇ ਦੇ ਪਤਵੰਤੇ ਵਿਅਕਤੀਆਂ ਨੇ ਕਿਹਾ ਕਿ ਟੌਲ ਪਲਾਜ਼ਾ ਸ਼ੁਰੂ ਕਰਨ ਸਮੇਂ ਮੈਨੇਜਮੈਂਟ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕੀਤੇ ਵਾਅਦੇ ਮੁਤਾਬਕ ਮੁਫ਼ਤ ਪਾਸ ਨਹੀਂ ਦਿੱਤੇ ਗਏ।
ਭੂਪ ਚੰਦ ਨੇ ਕਿਹਾ ਕਿ ਮੈਨੇਜਮੈਂਟ ਨੂੰ ਇਸ ਮਸਲੇ ਦੇ ਹੱਲ ਸਬੰਧੀ ਕਈ ਵਾਰ ਮਿਲਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਉਨ੍ਹਾਂ ਕਿਹਾ ਕਿ ਅੱਜ ਵਰਕਰਾਂ ਅਤੇ ਇਲਾਕੇ ਦੇ ਸਮੂਹ ਲੋਕਾਂ ਦੇ ਨੁਮਾਇੰਦਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ 2 ਅਪ੍ਰੈਲ ਤੋਂ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਮੈਨੇਜਮੈਂਟ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੀ ਮੈਨੇਜਮੈਂਟ ਵਾਲੇ ਵਰਕਰ ਹੀ ਰੱਖੇ ਹੋਏ ਹਨ ਅਤੇ ਕੁੱਝ ਸਿਖਿਅਤ ਕਰਮਚਾਰੀ ਨਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਵੀ ਮਸਲਾ ਗਲਬਾਤ ਨਾਲ ਹੱਲ ਕਰ ਸਕਦੇ ਹਨ।