ਟੋਲ ਪਲਾਜ਼ਾ ਵਾਲਿਆਂ ਦੀ ਕਰਤੂਤ, ਪੈਸੇ ਖੋਹ ਦਰੱਖਤ ਨਾਲ ਬੰਨ੍ਹਿਆ ਬੱਚਾ (ਵੀਡੀਓ)
Sunday, Mar 03, 2019 - 07:05 PM (IST)
ਲੁਧਿਆਣਾ : ਅਕਸਰ ਵਿਵਾਦਾਂ 'ਚ ਰਹਿਣ ਵਾਲਾ ਲਾਡੋਵਾਲ ਟੋਲ ਪਲਾਜ਼ਾ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਇਕ ਮਾਸੂਮ ਬੱਚੇ ਦੇ ਹੱਥ ਬੰਨੇ ਹੋਏ ਹਨ ਤੇ ਬੰਧਕ ਬਣਾਇਆ ਹੋਇਆ ਹੈ। ਵੀਡੀਓ ਵਿਚ ਟੋਲ ਪਲਾਜ਼ਾ ਕਰਮਚਾਰੀ ਦੱਸ ਰਿਹਾ ਹੈ ਕਿ ਬੱਚਾ ਟੋਲ ਪਲਾਜ਼ਾ 'ਤੇ ਰੁਕਣ ਵਾਲੀਆਂ ਗੱਡੀਆਂ ਤੋਂ ਭੀਖ ਮੰਗ ਰਿਹਾ ਸੀ ਤੇ ਵਾਰ-ਵਾਰ ਵਰਜਣ 'ਤੇ ਵੀ ਨਹੀਂ ਸੀ ਰੁਕਿਆ, ਜਿਸਦੇ ਚੱਲਦਿਆਂ ਬੱਚੇ ਨੂੰ ਬੰਧਕ ਬਣਾਇਆ ਗਿਆ। ਇਹ ਵੀਡੀਓ ਜਲੰਧਰ-ਲੁਧਿਆਣਾ ਰੋਡ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ।
ਇਸ ਦੌਰਾਨ ਉਥੋਂ ਲੰਘ ਰਹੇ ਕਾਰ ਸਵਾਰ ਕੁਝ ਵਿਅਕਤੀਆਂ ਨੇ ਬੱਚੇ ਦੀ ਹਾਲਤ ਨੂੰ ਦੇਖ ਕੇ ਉਸ ਨੂੰ ਖੋਲ੍ਹਿਆ ਅਤੇ ਟੋਲ ਪਲਾਜ਼ਾ ਵਾਲਿਆਂ ਦੀ ਕਲਾਸ ਲਗਾਈ। ਇੰਨਾਂ ਹੀ ਨਹੀਂ ਟੋਲ ਪਲਾਜ਼ਾ ਕਰਮਚਾਰੀਆਂ ਦੀ ਕਰਤੂਤ ਦੇਖੋ ਕਿ ਇਨ੍ਹਾਂ ਨੇ ਬੱਚੇ ਤੋਂ ਉਸ ਦੇ ਮੰਗੇ ਹੋਏ ਪੈਸੇ ਵੀ ਲੈ ਲਏ ਜੋ ਬਾਅਦ 'ਚ ਬੱਚੇ ਦੀ ਮਦਦ ਲਈ ਆਏ ਲੋਕਾਂ ਨੇ ਵਾਪਸ ਕਰਵਾਏ।
ਹਾਲਾਂਕਿ ਟੋਲ ਪਲਾਜ਼ਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਬੱਚਾ ਉੱਥੇ ਵਾਰ-ਵਾਰ ਭੀਖ ਮੰਗਣ ਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਸਖਤੀ ਦਿਖਾਈ ਪਰ ਇੱਥੇ ਇਕ ਸੱਚ ਇਹ ਵੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ, ਇਸ ਤਰ੍ਹਾਂ ਅਣਮਨੁੱਖੀ ਰਵੱਈਆ ਅਪਨਾਉਣਾ ਕਿੱਥੋਂ ਤਕ ਜਾਇਜ਼ ਹੈ।