ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Wednesday, Jun 08, 2022 - 08:39 PM (IST)

ਜਲੰਧਰ : ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਤੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਹੋਈ ਬੇਵਕਤੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਇਸ ਕਤਲ ਕਾਂਡ ਵਿਚ ਸ਼ਾਮਲ ਸੌਰਭ ਮਹਾਕਾਲ ਨਾਂ ਦੇ ਸ਼ਾਰਪ ਸ਼ੂਟਰ ਨੂੰ ਮਹਾਰਾਸ਼ਟਰ ਪੁਲਸ ਵਲੋਂ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

CM ਭਗਵੰਤ ਮਾਨ ਨੇ 'ਸਿੱਧੂ ਮੂਸੇਵਾਲਾ' ਦੇ ਪਰਿਵਾਰ ਨੂੰ ਭੇਜਿਆ ਸ਼ੋਕ ਸੰਦੇਸ਼, ਬੋਲੇ-ਰਹਿੰਦੇ ਵੇਲਿਆਂ ਤੱਕ ਯਾਦ ਰੱਖੇਗੀ ਦੁਨੀਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਹੈ। ਭਗਵੰਤ ਮਾਨ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ 'ਚ ਆਪ ਜੀ ਦੇ ਸਪੁੱਤਰ ਸ਼ੁੱਭਦੀਪ ਸਿੰਘ, ਸਿੱਧੂ ਮੂਸੇਵਾਲਾ ਦੀ ਹੋਈ ਬੇਵਕਤੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਹੋ ਗਈ ਹੈ। ਭੋਗ ਪੈਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 29 ਮਈ ਨੂੰ ਸਾਡੇ ਲਈ ਕਾਲਾ ਦਿਨ ਚੜ੍ਹਿਆ ਸੀ, ਜਿਸ ਨੇ ਸਾਡੀਆਂ ਖ਼ੁਸ਼ੀਆਂ ਖੋਹ ਲਈਆਂ।

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ‘ਮਹਾਕਾਲ’ ਪੁਣੇ ’ਚ ਗ੍ਰਿਫ਼ਤਾਰ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸੌਰਭ ਮਹਾਕਾਲ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਮਹਾਰਾਸ਼ਟਰ ਪੁਲਸ ਵਲੋਂ ਪੁਣੇ ਤੋਂ ਕੀਤੀ ਗਈ ਹੈ।

ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਨਾ ਹੋ ਸਕੇ ਨਵਜੋਤ ਸਿੱਧੂ, ਸੋਸ਼ਲ ਮੀਡੀਆ ’ਤੇ ਆਖੀ ਇਹ ਗੱਲ
29 ਮਈ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀਆਂ ਅੱਜ ਅੰਤਿਮ ਰਸਮਾਂ ਵੀ ਕਰ ਦਿੱਤੀਆਂ ਗਈਆਂ। ਮਾਨਸਾ ਦੀ ਅਨਾਜ ਮੰਡੀ ਵਿਚ ਰੱਖੇ ਭੋਗ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਕ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਉਹ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋ ਸਕੇ।

ਕੈਬਨਿਟ ਵੱਲੋਂ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਪੰਜਾਬ 'ਚ ਸਸਤੀ ਹੋਈ ਸ਼ਰਾਬ (ਵੀਡੀਓ)
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਕੈਬਨਿਟ ਨੇ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ 9647.85 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ, ਜੋ ਬੀਤੇ ਸਾਲ ਨਾਲੋਂ 40 ਫੀਸਦੀ ਵੱਧ ਹੋਵੇਗਾ।

ਸਾਧੂ ਸਿੰਘ ਧਰਮਸੌਤ ਦੀਆਂ ਜਾਇਦਾਦਾਂ ਦੀ ਜਾਂਚ ਸ਼ੁਰੂ, ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ
ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਚੀਫ਼ ਨੇ ਇਸ ਕੰਮ ਦੇ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ।

ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’
ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਦਿੱਲੀ ਏਅਰਪੋਰਟ ਲਈ ਸਰਵਿਸ 15 ਜੂਨ ਤੋਂ ਸ਼ੁਰੂ ਹੋਣ ਵਾਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮਹਿਕਮੇ ਵੱਲੋਂ 1 ਜੂਨ ਨੂੰ ਬੱਸਾਂ ਨੂੰ ਰਵਾਨਾ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਮੂਸੇਵਾਲਾ ਕਾਂਡ ਕਾਰਨ ਸੀ. ਐੱਮ. ਕੋਲੋਂ ਸਮਾਂ ਨਹੀਂ ਮਿਲ ਸਕਿਆ।


Mukesh

Content Editor

Related News