ਪੁਲਸ ਮੁਲਾਜ਼ਮ ਨੂੰ ਸ਼ਹੀਦ ਕਰਨ ਵਾਲੇ 3 ਗੈਂਗਸਟਰ ਕਾਬੂ, ਮੁੱਲਾਂਪੁਰ ਦਾਖਾ ''ਚ ਜਿਉਂਦੇ ਸੜੇ ਦੋ ਬੱਚੇ, ਪੜ੍ਹੋ Top 10
Monday, Jan 09, 2023 - 09:29 PM (IST)
ਜਲੰਧਰ: ਜਲੰਧਰ-ਲੁਧਿਆਣਾ ਵਿਚਕਾਰ ਫਗਵਾੜਾ ਸ਼ਹਿਰ 'ਚ ਗੈਂਗਸਟਰਾਂ ਨੇ ਇਕ ਪੁਲਸ ਕਾਂਸਟੇਬਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉੱਧਰ ਮੁੱਲਾਂਪੁਰ ਦਾਖਾ ਵਿਚ ਦੀਵੇ ਕਾਰਣ ਲੱਗੀ ਅੱਗ ਕਾਰਨ 2 ਬੱਚੇ ਜਿਉਂਦੇ ਸੜ ਗਏ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
ਫਗਵਾੜਾ: ਗੰਨਮੈਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਗੈਂਗਸਟਰ ਗ੍ਰਿਫ਼ਤਾਰ, ਫਰਾਰ ਸਾਥੀ ਦੀ ਤਸਵੀਰ ਜਾਰੀ
ਜਲੰਧਰ-ਲੁਧਿਆਣਾ ਵਿਚਕਾਰ ਫਗਵਾੜਾ ਸ਼ਹਿਰ 'ਚ ਗੈਂਗਸਟਰਾਂ ਨੇ ਇਕ ਪੁਲਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਹੇ ਸਨ। ਗੈਂਗਸਟਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਮਲ ਬਾਜਵਾ ਦੀ ਮੌਤ ਹੋ ਗਈ।
ਮੁੱਲਾਂਪੁਰ ਦਾਖਾ ’ਚ ਦੀਵੇ ਕਾਰਣ ਲੱਗੀ ਅੱਗ, ਜਿਊਂਦੇ ਸੜੇ ਦੋ ਬੱਚੇ, 4 ਬੱਚਿਆਂ ਨੂੰ ਅੱਗ ਦੇ ਭਾਂਬੜਾਂ ’ਚੋਂ ਕੱਢ ਲਿਆਈ
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਰਾਤੀ ਅੱਗ ਲੱਗਣ ਕਾਰਣ ਦੋ ਬੱਚਿਆਂ ਦੀ ਮੌਕੇ ’ਤੇ ਸੜ ਕੇ ਦਰਦਨਾਕ ਮੌਤ ਹੋ ਗਈ ਜਦਕਿ ਚਾਰ ਬੱਚੇ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਜ਼ਖਮੀਆਂ ਵਿਚ 2 ਦੀ ਹਾਲਤ ਗੰਭੀਰ ਹੈ।
ਭਿਆਨਕ ਹਾਦਸੇ ਨੇ ਖਾ ਲਿਆ ਪੰਜ ਭੈਣਾਂ ਦਾ ਇਕਲੌਤਾ ਵੀਰ, ਲੋਹੜੀ ਦੇ ਕੇ ਪਰਤਦੇ ਨੂੰ ਲੈ ਗਈ ਹੋਣੀ
ਬੀਤੀ ਦੇਰ ਸ਼ਾਮ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ 26 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਮ੍ਰਿਤਕ ਨੌਜਵਾਨ ਸਤਨਾਮ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੱਲ੍ਹ ਸ਼ਾਮ ਉਹ ਆਪਣੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰ ਵਸੂਲੇ 2 ਲੱਖ ਰੁਪਏ, ਵਿਜੀਲੈਂਸ ਨੇ ਪੱਤਰਕਾਰ ਸਣੇ 3 ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇਕ ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਕੇ ਉਸ ਕੋਲੋਂ ਡੇਢ ਲੱਖ ਰੁਪਏ ਜ਼ਬਰੀ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਨਾਭਾ, ਪਟਿਆਲਾ ਦਾ ਇੱਕ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਅਤੇ ਇਕ ਨਿੱਜੀ ਚੈਨਲ ਦਾ ਰਿਪੋਰਟਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹਨ।
ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਫ਼ੌਜੀ ਅਫ਼ਸਰ ਨੇ ਪਤਨੀ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਫ਼ੌਜੀ ਵੱਲੋਂ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕਸ਼ੀ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਫਿਰੋਜ਼ਪੁਰ ਛਾਉਣੀ ਵਿੱਚ ਇੱਕ ਫ਼ੌਜੀ ਅਫ਼ਸਰ ਵੱਲੋਂ ਆਪਣੀ ਪਤਨੀ ਦਾ ਗੋਲ਼ੀ ਮਾਰ ਕੇ ਕਤਲ ਕਰ ਦੇਣ ਮਗਰੋਂ ਖ਼ੁਦ ਯੂਨਿਟ ਲਾਈਨ ਵਿੱਚ ਜਾ ਕੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਚੰਨੀ ਨੂੰ ਇਹ ਰਾਹਤ ਚੋਣ ਜ਼ਾਬਤੇ ਦੀ ਉਲੰਘਣ ਦੇ ਮਾਮਲੇ ਵਿਚ ਦਿੱਤੀ ਹੈ। ਹਾਈਕੋਰਟ ਨੇ ਮਾਨਸਾ ਅਦਾਲਤ ਦੇ ਪ੍ਰੋਸੀਡਿੰਗ ’ਤੇ ਅਗਲੇ ਹੁਕਮਾਂ ਤੱਕ ਸਟੇਅ ਲਗਾ ਦਿੱਤਾ ਹੈ। ਚੰਨੀ ਨੂੰ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਪੇਸ਼ ਹੋਣ ਦੇ ਹੁਕਮ ਸਨ।
ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 3 ਖ਼ਤਰਨਾਕ ਗੈਂਗਸਟਰ ਮੁੰਬਈ ਤੋਂ ਕਾਬੂ
ਮੁੰਬਈ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ 3 ਖ਼ਤਰਨਾਕ ਗੈਂਗਸਟਰਾਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਮੁੰਬਈ ਦੇ ਠਾਣੇ ਜ਼ਿਲ੍ਹੇ ਤੋਂ ਗੈਂਗਸਟਰ ਸੋਨੂੰ ਖੱਤਰੀ ਗੈਂਗ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਮਾਰਚ 2022 ਵਿਚ ਹੋਏ ਮੱਖਣ ਕਤਲ ਕੇਸ ਵਿਚ ਇਹ ਗੈਂਗਸਟਰ ਸ਼ਾਮਲ ਸਨ।
ਆਸਟ੍ਰੇਲੀਆ ਤੋਂ ਚੰਗੀ ਖ਼ਬਰ, ਵਿਦਿਆਰਥੀ ਜਲਦ ਹੀ ਸਕੂਲਾਂ 'ਚ ਪੜ੍ਹਨਗੇ 'ਪੰਜਾਬੀ'
ਪੰਜਾਬੀ ਭਾਈਚਾਰੇ ਲਈ ਆਸਟ੍ਰੇਲੀਆ ਤੋਂ ਇਕ ਚੰਗੀ ਖ਼ਬਰ ਹੈ। ਜਾਣਕਾਰੀ ਮੁਤਾਬਕ ਹੁਣ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ 'ਚ 'ਪੰਜਾਬੀ' ਪੜ੍ਹਾਈ ਜਾਵੇਗੀ। ਸਕੂਲੀ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 2021 ਦੀ ਮਰਦਮਸ਼ੁਮਾਰੀ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਪੰਜਾਬੀ ਨੂੰ ਸਭ ਤੋਂ ਨਵੀਂ ਭਾਸ਼ਾ ਵਜੋਂ ਅਪਣਾ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਭਾਸ਼ਾ ਹੈ।
ਅਮਰੀਕਾ 'ਚ ਭਾਰਤੀ ਪਿਓ ਦਾ ਕਾਰਾ, 9 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ ਮੌਤ
ਟੈਕਸਾਸ ਵਿਚ ਇਕ ਭਾਰਤੀ-ਅਮਰੀਕੀ ਵਿਅਕਤੀ ਨੂੰ ਆਪਣੇ 9 ਸਾਲਾ ਪੁੱਤਰ ਦਾ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। McKinney ਪੁਲਸ ਵਿਭਾਗ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ McKinney ਦੇ 39 ਸਾਲਾ ਸੁਬਰਾਮਣੀਅਨ ਪੋਨਾਜ਼ਾਕਨ ਨੇ ਖ਼ੁਦ ਨੂੰ ਵੀ ਜ਼ਖਮੀ ਕਰ ਲਿਆ ਅਤੇ ਹੁਣ ਉਹ ਇੱਕ ਹਸਪਤਾਲ ਵਿੱਚ ਪੁਲਸ ਹਿਰਾਸਤ ਵਿੱਚ ਹੈ ਅਤੇ ਉਸਦੀ ਜ਼ਮਾਨਤ 1 ਮਿਲੀਅਨ ਡਾਲਰ ਰੱਖੀ ਗਈ ਹੈ।
ਆਸਟਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਗਾਇਕ ਨਿੰਮਾ ਖਰੌੜ ਦੀ ਮੌਤ
ਆਏ ਦਿਨ ਵਿਦੇਸ਼ਾਂ ਤੋਂ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਵੇਲੇ ਦੀ ਵੱਡੀ ਮੰਦਭਾਗੀ ਖ਼ਬਰ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਹੈ।ਦਰਅਸਲ, ਖ਼ਬਰ ਹੈ ਕਿ ਪੰਜਾਬੀ ਗਾਇਕ ਨਿੰਮਾ ਖਰੌੜ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਨਿੰਮਾ ਖਰੌੜ ਆਸਟਰੇਲੀਆ 'ਚ ਸਨ। ਉਨ੍ਹਾਂ ਦੀ ਅਚਨਚੇਤ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਪਈ ਹੈ। ਨਿੰਮਾ ਖਰੌੜ ਦੀ ਮੌਤ ਦਾ ਅਸਲ ਕਾਰਨ ਕੀ ਹੈ, ਇਸ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।