ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

05/23/2022 9:08:22 PM

ਜਲੰਧਰ : ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫ਼ਸਰਾਂ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਥੇ ਹੀ ਪਟਿਆਲਾ ਦਿਹਾਤੀ ਤੋਂ 'ਆਪ' ਵਿਧਾਇਕ ਡਾ. ਬਲਬੀਰ ਸਿੰਘ ਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ CM ਮਾਨ ਦੀ ਅਫ਼ਸਰਾਂ ਨਾਲ ਮੀਟਿੰਗ, ਟਵੀਟ ਕਰਕੇ ਆਖੀ ਇਹ ਗੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਮਵਾਰ ਨੂੰ ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸੂਬੇ ਦੇ ਹਵਾਈ ਅੱਡਿਆਂ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।

ਪਟਿਆਲਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ, ਮਿਲੀ ਜ਼ਮਾਨਤ
ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਇਸ ਤੋਂ ਬਾਅਦ ਅਦਾਲਤ ਵੱਲੋਂ 50 ਹਜ਼ਾਰ ਦੇ ਮੁਚਲਕੇ ’ਤੇ ਚਾਰਾ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ।

ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਜ਼ਮਾਨਤ, 30 ਮਈ ਤੱਕ ਸੁਣਵਾਈ ਮੁਲਤਵੀ
ਡਰੱਗਜ਼ ਮਾਮਲੇ 'ਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਇਸ ਮਾਮਲੇ ਦੀ ਸੁਣਵਾਈ 30 ਮਈ ਤੱਕ ਮੁਲਤਵੀ ਕਰ ਦਿੱਤੀ ਹੈ।

ਸਿਮਰਜੀਤ ਬੈਂਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਜਬਰ-ਜ਼ਿਨਾਹ ਤੇ ਭਗੌੜਾ ਕਰਾਰ ਦੇਣ ਨੂੰ ਦਿੱਤੀ ਚੁਣੌਤੀ
ਜਬਰ-ਜ਼ਿਨਾਹ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਗਏ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਪਾਈ ਗਈ ਜ਼ਮਾਨਤ ਪਟੀਸ਼ਨ 'ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ।

ਪੰਜਾਬ ਸਰਕਾਰ ਵੱਲੋਂ ਪੁਲਸ ਮਹਿਕਮੇ ’ਚ ਵੱਡੇ ਪੱਧਰ ’ਤੇ ਕੀਤੇ ਗਏ ਅਧਿਕਾਰੀਆਂ ਦੇ ਤਬਾਦਲੇ
ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਵੱਡੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ। ਮਾਨ ਸਰਕਾਰ ਵੱਲੋਂ ਪੰਜਾਬ ਪੁਲਸ ਮਹਿਕਮੇ ’ਚ ਵੱਡੇ ਪੱਧਰ ’ਤੇ ਫੇਰਬਦਲ ਕੀਤੇ ਗਏ ਹਨ। ਵੱਖ-ਵੱਖ ਮਹਿਕਮਿਆਂ ’ਚ ਕੁੱਲ 42 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਅੱਜ ਤੋਂ ਥਰਮਾਮੀਟਰ, BP ਤੇ ਵੇਇੰਗ ਮਸ਼ੀਨ ਦੀ ਵਿਕਰੀ ਬੰਦ, ਜਾਣੋ ਕਾਰਨ
ਨਾਪਤੋਲ ਵਿਭਾਗ ਵੱਲੋਂ ਸੂਬੇ ਦੇ ਕੈਮਿਸਟਾਂ ਤੋਂ ਥਰਮਾਮੀਟਰ, ਬਲੱਡ ਪ੍ਰੈਸ਼ਰ ਅਤੇ ਵੇਇੰਗ ਮਸ਼ੀਨ (ਭਾਰ ਤੋਲਣ ਵਾਲੀਆਂ ਮਸ਼ੀਨ) ਵੇਚਣ ਲਈ ਲਾਈਸੈਂਸ ਲੈਣ ਨੂੰ ਕਿਹਾ ਹੈ। ਅਜਿਹਾ ਨਾ ਕਰਨ 'ਤੇ ਜੁਰਮਾਨੇ ਦਾ ਨਿਯਮ ਰੱਖਿਆ ਗਿਆ ਹੈ।

ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ-ਹਰ ਸਿੱਖ ਆਪਣੇ ਕੋਲ ਰੱਖੇ ਲਾਇਸੈਂਸੀ ਹਥਿਆਰ
ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਅੱਜ ਪੂਰੇ ਦੇਸ਼ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਵੀ ਜਾਰੀ ਕੀਤਾ।

ਜਥੇਦਾਰ ਹਰਪ੍ਰੀਤ ਸਿੰਘ ਦੇ ਹਥਿਆਰਾਂ ਵਾਲੇ ਬਿਆਨ ’ਤੇ CM ਮਾਨ ਦੀ ਪ੍ਰਤੀਕਿਰਿਆ ਆਈ ਸਾਹਮਣੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੇ ਦਿੱਤੇ ਬਿਆਨ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ
ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰਨਗੇ। ਇਸ ਗੱਲ ਦਾ ਫ਼ੈਸਲਾ ਪਿਛਲੇ ਦਿਨੀਂ ਹੋਈ ਪਾਰਟੀ ਦੀ ਰਾਜਸੀ ਮਾਮਲਿਆਂ ਦੀ ਕਮੇਟੀ (ਪੀ. ਏ. ਸੀ) ਦੀ ਮੀਟਿੰਗ ’ਚ ਸਰਬਸੰਮਤੀ ਨਾਲ ਲਿਆ ਗਿਆ।

ਕੀ ਔਰਤਾਂ ਦਾ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਹੋਵੇਗਾ ਬੰਦ? ਜਾਣੋ ਟਰਾਂਸਪੋਰਟ ਮੰਤਰੀ ਭੁੱਲਰ ਦਾ ਬਿਆਨ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਬਿਨਾਂ ਕਿਰਾਇਆ ਦਿੱਤੇ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ ਸੀ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਮੇਂ ਵੀ ਉਸੇ ਤਰ੍ਹਾਂ ਜਾਰੀ ਹੈ।

ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ ਪਹਿਲੇ ਤੇ ਲੁਧਿਆਣਾ ਦੂਜੇ ਨੰਬਰ ’ਤੇ
ਜਿੱਥੇ ਪੰਜਾਬ ’ਚ ਕਣਕ ਦੀ ਵਾਢੀ ਦੌਰਾਨ ਨਾੜ ਸਾੜਨ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ 174 ਏ. ਕਿਊ. ਆਈ. ਦੇ ਨਾਲ ਪਹਿਲਾ ਅਤੇ 156 ਏ. ਕਿਊ. ਆਈ. ਦੇ ਨਾਲ ਲੁਧਿਆਣਾ ਦੂਜੇ ਨੰਬਰ ’ਤੇ ਰਹੇ।

ਵਾਰਾਣਸੀ : ਗੰਗਾ 'ਚ ਕਿਸ਼ਤੀ ਡੁੱਬਣ ਨਾਲ 4 ਦੀ ਮੌਤ
ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਸੋਮਵਾਰ ਨੂੰ ਗੰਗਾ ਨਦੀ 'ਚ ਕਿਸ਼ਤੀ ਡੁੱਬਣ ਕਾਰਨ ਉਸ 'ਚ ਸਵਾਰ 6 'ਚੋਂ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਭੇਲੂਪੁਰ ਥਾਣਾ ਖੇਤਰ 'ਚ ਗੰਗਾ ਨਦੀ 'ਤੇ ਪ੍ਰਭੂ ਘਾਟ ਨੇੜੇ ਹੋਏ ਇਸ ਹਾਦਸੇ 'ਚ ਦੋ ਕਿਸ਼ਤੀ ਸਵਾਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਆਸਾਮ ’ਚ ਹੜ੍ਹ ਨਾਲ ਤਬਾਹੀ ਦਾ ਮੰਜ਼ਰ; 24 ਦੀ ਮੌਤ, 8 ਲੱਖ ਤੋਂ ਵਧੇਰੇ ਲੋਕ ਹੋਏ ਬੇਘਰ
ਆਸਾਮ ’ਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਨੇ ਕਹਿਰ ਮਚਾ ਰੱਖਿਆ ਹੈ। ਜਿਸ ਕਾਰਨ ਹੁਣ ਤੱਕ 24 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (ASDAMA) ਨੇ ਕਿਹਾ ਕਿ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ
ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ ਮੰਡਰਾ ਰਿਹਾ ਹੈ। ਦਰਅਸਲ ਇਕ ਅੱਤਵਾਦੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ, ਅਜਿਹੇ ’ਚ ਮਿਲੀ ਧਮਕੀ ਯਾਤਰਾ ’ਤੇ ਸੰਕਟ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।

ਦੇਸ਼ 'ਚ ਕੋਰੋਨਾ ਟੀਕਾਕਰਨ 192 ਕਰੋੜ ਦੇ ਪਾਰ, ਬੀਤੇ 24 ਘੰਟਿਆਂ 'ਚ ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਦੇਸ਼ ਭਰ 'ਚ ਰਾਸ਼ਟਰੀ ਕੋਰੋਨਾ ਟੀਕਾਕਰਨ ਮੁਹਿੰਮ ਦੇ ਅਧੀਨ 192.38 ਕਰੋੜ ਤੋਂ ਵੱਧ ਕੋਰੋਨਾ ਟੀਕੇ ਲਾਏ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਅੱਜ ਯਾਨੀ ਸੋਮਵਾਰ ਸਵੇਰੇ 7 ਵਜੇ ਤੱਕ 192 ਕਰੋੜ 38 ਲੱਖ 45 ਹਜ਼ਾਰ 615 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ।

PM ਸਕੀਮ ਤਹਿਤ ਪੰਜਾਬ ਸਮੇਤ ਦੇਸ਼ ਦੇ 36 ਸੂਬਿਆਂ ’ਚ ਮੁਫ਼ਤ ਅਨਾਜ ਦਾ ਕੋਟਾ ਜਾਰੀ
ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕੋਵਿਡ-19 ਤੋਂ ਆਰੰਭ ਕੀਤੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪਹਿਲਾਂ ਪੰਜ ਫੇਜ਼ਾਂ ਰਾਹੀਂ ਦੇਸ਼ ਦੇ ਅੰਦਰ ਕਰੀਬ 82 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦਾ ਲਾਭ ਦਿੱਤਾ ਗਿਆ ਸੀ।

ਪੀ.ਐੱਮ. ਮੋਦੀ ਨੇ UNIQLO ਦੇ ਪ੍ਰਧਾਨ ਅਤੇ ਸੀ.ਈ.ਓ. ਸਮੇਤ ਕਈ ਸ਼ਖਸੀਅਤਾਂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕਵਾਡ ਸੰਮੇਲਨ ਲਈ ਵਿਚ ਸ਼ਾਮਲ ਹੋਣ ਲਈ ਜਾਪਾਨ ਦੀ ਰਾਜਧਾਨੀ ਟੋਕੀਓ ਪਹੁੰਚੇ। ਪੀ.ਐੱਮ. ਮੋਦੀ ਦੋ ਦਿਨ ਦੀ ਯਾਤਰਾ 'ਤੇ ਜਾਪਾਨ ਪਹੁੰਚੇ ਹਨ।

ਤਾਲਿਬਾਨ ਨੇ ਮਹਿਲਾ TV ਐਂਕਰਾਂ ਲਈ ਮੂੰਹ ਢਕਣ ਸਬੰਧੀ ਹੁਕਮ ਕੀਤਾ ਲਾਗੂ
ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਐਤਵਾਰ ਨੂੰ ਉਸ ਹੁਕਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਦੇਸ਼ ਦੀਆਂ ਸਾਰੀਆਂ ਮਹਿਲਾ ਟੀ.ਵੀ. ਐਂਕਰਾਂ ਪ੍ਰਸਾਰਣ ਦੌਰਾਨ ਆਪਣਾ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ।

ਇੰਡੋ-ਪੈਸੀਫਿਕ ਦੇਸ਼ਾਂ ਦੀ ਪਹਿਲ IPEF ਦੀ ਸ਼ੁਰੂਆਤ, ਪ੍ਰੋਗਰਾਮ 'ਚ ਬਾਈਡੇਨ ਨਾਲ ਸ਼ਾਮਲ ਹੋਏ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ 12 ਇੰਡੋ-ਪੈਸੀਫਿਕ ਦੇਸ਼ਾਂ ਦੇ ਨਾਲ ਨਵੇਂ ਵਪਾਰ ਢਾਂਚੇ ਦੀ ਸ਼ੁਰੂਆਤ ਪ੍ਰੋਗਰਾਮ ਵਿਚ ਸ਼ਾਮਲ ਹੋਏ।ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ ਊਰਜਾ, ਜੁਝਾਰੂ ਸਪਲਾਈ ਚੇਨ ਅਤੇ ਡਿਜੀਟਲ ਕਾਰੋਬਾਰਾਂ ਵਰਗੇ ਖੇਤਰਾਂ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਡੂੰਘਾ ਕਰਨਾ ਹੈ।

ਬਾਈਡੇਨ ਦਾ ਵੱਡਾ ਬਿਆਨ, ਕਿਹਾ-ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਦੇਵੇਗਾ ਫ਼ੌਜੀ ਮਦਦ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਤਾਇਵਾਨ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਦਾ ਦੇਸ਼ ਫ਼ੌਜੀ ਦਖਲਅੰਦਾਜ਼ੀ ਕਰੇਗਾ। ਇਹ ਬਿਆਨ ਪਿਛਲੇ ਕੁਝ ਦਹਾਕਿਆਂ ਵਿੱਚ ਤਾਇਵਾਨ ਦੇ ਸਮਰਥਨ ਵਿੱਚ ਸਿੱਧੇ ਅਤੇ ਉੱਚੇ ਬਿਆਨਾਂ ਵਿੱਚੋਂ ਇੱਕ ਹੈ।

ਕੋਰੋਨਾ ਆਫ਼ਤ ਦੌਰਾਨ ਸਾਊਦੀ ਅਰਬ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ
ਭਾਰਤ ਵਿੱਚ ਭਾਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਹਨ ਪਰ ਕਈ ਦੇਸ਼ਾਂ ਵਿੱਚ ਸਥਿਤੀ ਚੰਗੀ ਨਹੀਂ ਹੈ। ਸਾਊਦੀ ਅਰਬ 'ਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ 'ਚ ਸਾਊਦੀ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।

ਫਿਲੀਪੀਨਜ਼ 'ਚ 134 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 7 ਯਾਤਰੀਆਂ ਦੀ ਮੌਤ
ਲੁਜੋਨ ਟਾਪੂ 'ਤੇ ਕਿਊਜ਼ੋਨ ਸੂਬੇ ਦੇ ਇਕ ਸ਼ਹਿਰ ਦੇ ਰਸਤੇ ਵਿਚ 134 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ।


Mukesh

Content Editor

Related News