ਪਾਸਪੋਰਟ ਬਣਵਾਉਣ ’ਚ ਪੰਜਾਬੀਆਂ ਨੇ ਵੱਡੇ ਸੂਬੇ ਪਛਾੜੇ, 2 ਪੰਜਾਬੀ ਗਾਇਕਾਂ ਦੇ ਘਰ ਪਈ ਰੇਡ, ਪੜ੍ਹੋ Top 10
Monday, Dec 19, 2022 - 08:25 PM (IST)
ਜਲੰਧਰ (ਬਿਊਰੋ) : ਪੰਜਾਬੀ ਵਿਦੇਸ਼ ਜਾਣ ਦਾ ਬੇਹੱਦ ਸ਼ੌਂਕ ਰੱਖਦੇ ਹਨ, ਇਹੀ ਕਾਰਨ ਹੈ ਕਿ ਸੂਬੇ 'ਚ ਹਰ ਚੌਥੇ ਵਿਅਕਤੀ ਕੋਲ ਅੱਜ ਪਾਸਪੋਰਟ ਹੈ। ਇਸ ਕੰਮ 'ਚ ਪੰਜਾਬ ਨੇ ਵੱਡੇ-ਵੱਡੇ ਸੂਬਿਆਂ ਨੂੰ ਵੀ ਪਿੱਛੇ ਕਰ ਦਿੱਤਾ ਹੈ। ਉਥੇ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਕਰਕੇ ਅਕਸਰ ਚਰਚਾ ’ਚ ਰਹਿੰਦੇ ਹਨ ਪਰ ਇਸ ਵਾਰ ਚਰਚਾ ਦਾ ਵਿਸ਼ਾ ਰਣਜੀਤ ਬਾਵਾ ਦੇ ਗੀਤ ਨਹੀਂ, ਸਗੋਂ ਇਨਕਮ ਟੈਕਸ ਵਿਭਾਗ ਦੀ ਟੀਮ ਹੈ। ਰਣਜੀਤ ਬਾਵਾ ਦੇ 4 ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਵੀ ਐੱਨ. ਆਈ. ਏ. (ਕੇਂਦਰੀ ਜਾਂਚ ਏਜੰਸੀ) ਦੀ ਟੀਮ ਪਹੁੰਚੀ। ਕੰਵਰ ਗਰੇਵਾਲ ਤੋਂ ਐੱਨ. ਆਈ. ਏ. ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
'ਪਾਸਪੋਰਟ' ਬਣਵਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਵੱਡੇ-ਵੱਡੇ ਸੂਬਿਆਂ ਨੂੰ ਪਛਾੜਿਆ, ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ
ਪੰਜਾਬੀ ਵਿਦੇਸ਼ ਜਾਣ ਦਾ ਬੇਹੱਦ ਸ਼ੌਂਕ ਰੱਖਦੇ ਹਨ, ਇਹੀ ਕਾਰਨ ਹੈ ਕਿ ਸੂਬੇ 'ਚ ਹਰ ਚੌਥੇ ਵਿਅਕਤੀ ਕੋਲ ਅੱਜ ਪਾਸਪੋਰਟ ਹੈ। ਇਸ ਕੰਮ 'ਚ ਪੰਜਾਬ ਨੇ ਵੱਡੇ-ਵੱਡੇ ਸੂਬਿਆਂ ਨੂੰ ਵੀ ਪਿੱਛੇ ਕਰ ਦਿੱਤਾ ਹੈ। ਸਟੱਡੀ ਵੀਜ਼ੇ 'ਤੇ ਜਾਣ ਵਾਲੇ ਇੱਛੁਕਾਂ ਦੇ ਤਾਂ ਪਾਸਪੋਰਟਾਂ ਦੇ ਢੇਰ ਲੱਗ ਗਏ ਹਨ।
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਏਜੰਸੀ ਨੇ ਮਾਰੀ ਰੇਡ
ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਕਰਕੇ ਅਕਸਰ ਚਰਚਾ ’ਚ ਰਹਿੰਦੇ ਹਨ ਪਰ ਇਸ ਵਾਰ ਚਰਚਾ ਦਾ ਵਿਸ਼ਾ ਰਣਜੀਤ ਬਾਵਾ ਦੇ ਗੀਤ ਨਹੀਂ, ਸਗੋਂ ਇਨਕਮ ਟੈਕਸ ਵਿਭਾਗ ਦੀ ਟੀਮ ਹੈ। ਜੀ ਹਾਂ, ਰਣਜੀਤ ਬਾਵਾ ਦੇ 4 ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ।
ਗਾਇਕ ਕੰਵਰ ਗਰੇਵਾਲ ਦੇ ਘਰ ਪਹੁੰਚੀ ਐੱਨ. ਆਈ. ਏ. ਦੀ ਟੀਮ
ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਐੱਨ. ਆਈ. ਏ. (ਕੇਂਦਰੀ ਜਾਂਚ ਏਜੰਸੀ) ਦੀ ਟੀਮ ਪਹੁੰਚੀ ਹੈ। ਕੰਵਰ ਗਰੇਵਾਲ ਤੋਂ ਐੱਨ. ਆਈ. ਏ. ਦੀ ਟੀਮ ਵਲੋਂ ਪੁੱਛਗਿੱਛ ਜਾ ਰਹੀ ਹੈ।
ਗੈਂਗਸਟਰਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਬਲਕੌਰ ਸਿੰਘ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਕੀਤੀ ਅਪੀਲ
ਪੰਜਾਬ ’ਚ ਪਿਛਲੇ ਕੁਝ ਮਹੀਨਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਕਤਲ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਧੱਕੇਸ਼ਾਹੀ ਖ਼ਿਲਾਫ਼ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਐਤਵਾਰ ਨੂੰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨੀਂਦ ਖੁੱਲ੍ਹਣ ਵਾਲੀ ਨਹੀਂ ਹੈ।
ਕੈਪਟਨ ਦੇ ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਸ਼ੁਰੂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ ਦੇ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਹੌਰ ’ਚ ਰੋਸ ਪ੍ਰਦਰਸ਼ਨ ਦੌਰਾਨ PM ਮੋਦੀ ਦੇ ਪੱਖ ’ਚ ਲੱਗੇ ਨਾਅਰੇ, ਪਾਕਿ ਸਰਕਾਰ ਬੌਖ਼ਲਾਈ
ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸਮਰਥਨ ’ਚ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।
ਸਨਸਨੀਖੇਜ਼ ਵਾਰਦਾਤ; ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਨੂੰ ਸਹੁਰੇ ਪਰਿਵਾਰ ਦੇ ਲੋਕਾਂ ਨੇ ਜ਼ਿੰਦਾ ਸਾੜਿਆ
ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸਹੁਰੇ ਪੱਖ ਦੇ ਲੋਕਾਂ ਨੇ ਜਵਾਈ ਨੂੰ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ, ਜਿਸ ਮਗਰੋਂ ਜਵਾਈ ਦੀ ਮੌਤ ਹੋ ਗਈ।
ਨਾਭਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੰਗਰ ਦੀ ਸੇਵਾ ਕਰਕੇ ਪਰਤੇ ਰਹੇ 3 ਸ਼ਰਧਾਲੂਆਂ ਦੀ ਦਰਦਨਾਕ ਮੌਤ
ਨਾਭਾ ਬਲਾਕ ਦੇ ਪਿੰਡ ਹਰੀਗੜ੍ਹ ਨਜ਼ਦੀਕ ਵਾਪਰੇ ਭਿਆਨਕ ਹਾਦਸੇ ਦੌਰਾਨ 3 ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ 8 ਦੇ ਗੰਭੀਰ ਜ਼ਖ਼ਮੀ ਹੋਣ ਦਾ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਤਿੰਨੋਂ ਮ੍ਰਿਤਕ ਪਿੰਡ ਹਥਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਬੀਤੀ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਾ ਕਰਕੇ ਟਾਟਾ 407 ਰਾਹੀਂ ਪਿੰਡ ਹਥਨ ਜ਼ਿਲ੍ਹਾ ਮਾਲੇਰਕੋਟਲਾ ਵਾਪਸ ਪਰਤ ਰਹੇ ਸਨ।
ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਫਾਜ਼ਿਲਕਾ ਵਿਖੇ ਭਿਆਨਕ ਹਾਦਸੇ 'ਚ 3 ਬੱਚਿਆਂ ਦੀ ਦਰਦਨਾਕ ਮੌਤ
ਫਾਜ਼ਿਲਕਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਇੱਕੋ ਪਰਿਵਾਰ ਦੇ 3 ਬੱਚਿਆ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਫਾਜ਼ਿਲਕਾ ਮਲੋਟ ਰੋਡ 'ਤੇ ਢਾਣੀ ਖਰਾਸਵਾਲੀ ਨੇੜੇ ਮੋਟਰਸਾਈਕਲ ਅਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ।
ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤੇ ਭਾਰਤ, ਪ੍ਰਿਯੰਕਾ ਗਾਂਧੀ ਤੇ ਖੜਗੇ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਭਾਰਤ ਪਰਤ ਆਏ ਹਨ। ਭਾਰਤ ਪਰਤਦਿਆਂ ਹੀ ਉਨ੍ਹਾਂ ਨੇ ਗਾਂਧੀ ਪਰਿਵਾਰ ਨਾਲ ਮੁਲਾਕਾਤ ਕੀਤੀ। ਚੰਨੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ।