ਅਕਾਲੀ ਦਲ ਵੱਲੋਂ ਜਥੇਬੰਧਕ ਢਾਂਚੇ ਦਾ ਗਠਨ, ਮਾਨ ਸਰਕਾਰ ਦੀਆਂ ਆਸਾਂ 'ਤੇ ਫਿਰਿਆ ਪਾਣੀ, ਪੜ੍ਹੋ Top 10

11/30/2022 8:08:23 PM

ਜਲੰਧਰ (ਬਿਊਰੋ) : ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋੋਂ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਭੰਗ ਕੀਤੇ ਗਏ ਜਥੇਬੰਧਕ ਢਾਂਚੇ ਦਾ ਮੁੜ ਐਲਾਨ ਕੀਤਾ ਤਾਂ ਉੱਧਰ ਕੇਂਦਰ ਸਰਕਾਰ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਪੇਂਡੂ ਵਿਕਾਸ ਫੰਡ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...

ਵੱਡੀ ਖ਼ਬਰ : ਅਕਾਲੀ ਦਲ ਵਲੋਂ ਜਥੇਬੰਧਕ ਢਾਂਚੇ ਦਾ ਗਠਨ, ਕੋਰ ਕਮੇਟੀ ਦਾ ਵੀ ਹੋਇਆ ਐਲਾਨ

ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਤੋਂ ਬਾਅਦ ਝੂੰਦਾ ਕਮੇਟੀ ਦੀ ਸਿਫਾਰਸ਼ ’ਤੇ ਭੰਗ ਕੀਤੇ ਗਏ ਜਥੇਬੰਧਕ ਢਾਂਚੇ ਦਾ ਅਕਾਲੀ ਦਲ ਵਲੋਂ ਮੁੜ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਵਲੋਂ ਅੱਠ ਮੈਂਬਰੀ ਐਡਵਾਇਜ਼ਰੀ ਕਮੇਟੀ ਦੇ ਨਾਲ-ਨਾਲ ਪਾਰਟੀ ਦੀ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਜਥੇਬੰਧਕ ਢਾਂਚੇ ਵਿਚ ਸਭ ਤੋਂ ਉਮਰ ਦਰਾਜ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਮੁੱਖ ਸਰਪ੍ਰਸਤ ਜਦਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉੱਪ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। 

Mann ਸਰਕਾਰ ਦੀਆਂ ਆਸਾਂ 'ਤੇ ਫਿਰਿਆ ਪਾਣੀ, ਕੇਂਦਰ ਨੇ ਇਸ ਗੱਲ ਨੂੰ ਲੈ ਕੇ ਕੀਤੀ ਕੋਰੀ ਨਾਂਹ

ਪੰਜਾਬ ਦੀ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਕੇਂਦਰ ਨੇ ਸੂਬੇ ਨੂੰ ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਨੂੰ ਉਮੀਦ ਸੀ ਕਿ ਕੇਂਦਰ ਵੱਲੋਂ ਸੂਬੇ ਨੂੰ 2880 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ ਮੁਹੱਈਆ ਕਰਵਾ ਦਿੱਤੇ ਜਾਣਗੇ ਪਰ ਕੇਂਦਰ ਨੇ ਪੰਜਾਬ ਸਰਕਾਰ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਵਿਵਾਦਤ ਬਿਆਨ, ਪੰਜਾਬੀਆਂ ਬਾਰੇ ਆਖ ਗਏ ਵੱਡੀ ਗੱਲ (ਵੀਡੀਓ)

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਦਾ ਇਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਮੰਤਰੀ ਨੇ ਪੰਜਾਬੀਆਂ ਨੂੰ ਬੇਫਕੂਫ਼ ਕੌਮ ਕਰਾਰ ਦਿੱਤਾ ਹੈ। ਦਰਅਸਲ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਆਰਾਮਪਸੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰ ਦੇ ਪਾਣੀ ਦੀ ਹੁਣ ਕਿਸਾਨ ਮੰਗ ਨਹੀਂ ਕਰਦੇ, ਜਿਸ ਕਰਕੇ ਨਹਿਰ ਡਿਪਾਰਟਮੈਂਟ ਵਾਲੇ ਨਹਿਰ ਦਾ ਪਾਣੀ ਨਹੀਂ ਭੇਜਦੇ। ਪਹਿਲਾਂ ਲੋਕ ਪਾਣੀ ਪਿੱਛੇ ਲੜਦੇ ਹੁੰਦੇ ਸਨ। ਉਨ੍ਹਾਂ ਕਿਹਾ ਫ੍ਰੀ ਬਿਜਲੀ ਨੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਜਿਮੀਂਦਾਰਾਂ ਨੂੰ ਅਰਾਮਪ੍ਰਸਤ ਬਣਾ ਦਿੱਤਾ ਹੈ। 

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ, ਜਾਣੋ ਕੀ ਹੈ ਪੂਰਾ ਮਾਮਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ’ਪੰਜ ਪੈਨਸ਼ਨਾਂ’ ਲੈਣ ਦਾ ਰਿਕਾਰਡ ਜਨਤਕ ਕਰਨ ਜਾਂ ਫਿਰ ਝੂਠ ਬੋਲਣ ਲਈ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।

ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ ਅਰੰਭੀਆਂ, ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ

ਪੰਜਾਬ ਸਰਕਾਰ ਨੇ ਆਉਣ ਵਾਲੇ ਸਾਲ ਦੇ ਬਜਟ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਪੰਜਾਬ ਦਾ ਬਜਟ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਣਾ ਹੈ। ਪੰਜਾਬ ਸਰਕਾਰ ਕਈ ਵਿਭਾਗਾਂ ਵੱਲੋਂ ਸਾਲ ਦੇ ਅਖੀਰ ਤਕ ਬਚੀ ਬਜਟ ਦੀ ਰਾਸ਼ੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਕੱਲ੍ਹ ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦਰਮਿਆਨ ਬਜਟ ਆਦਿ ਨੂੰ ਲੈ ਕੇ ਇਕ ਅਹਿਮ ਮੀਟਿੰਗ ਵੀ ਹੋਈ।

ਫਰੀਦਕੋਟ ਦੇ ਮਹਾਰਾਜਾ ਦੀ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲਵੇਗੀ ਸਰਕਾਰ! ਸ਼ੁਰੂ ਹੋਈ ਕਾਰਵਾਈ

ਫਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਪੰਜਾਬ ਸਰਕਾਰ ਆਪਣੇ ਅਧਿਕਾਰ ਖੇਤਰ ’ਚ ਲੈ ਸਕਦੀ ਹੈ। ਰਿਆਸਤ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਨੂੰ 'ਸਰਪਲੱਸ' (ਅਧਿਕਾਰ ਹੇਠ ਲੈਣ) ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਆਸਤ ਦੀ ਇਹ ਜ਼ਮੀਨ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਦੇ ਅਧਿਕਾਰ ਖੇਤਰ ’ਚ ਸੀ ਪਰ 2 ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਰੱਦ ਕਰ ਦਿੱਤਾ ਹੈ। 

ਅੰਮ੍ਰਿਤਸਰ ਦੇ ਪੌਸ਼ ਇਲਾਕੇ ’ਚ ਵੱਡੀ ਵਾਰਦਾਤ, ਘਰ ਅੰਦਰ ਦਾਖਲ ਹੋ ਕੇ ਕੀਤਾ ਮਹਿਲਾ ਦਾ ਕਤਲ

ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵਨਿਊ ਦੇ ਸੀ ਬਲਾਕ ਵਿਚ ਤੇਜ਼ਧਾਰ ਹਥਿਆਰਾਂ ਇਕ ਔਰਤ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਇਸ ਵਾਰਦਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਜਾਪ ਰਿਹਾ ਹੈ, ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖਮ ਮਿਲੇ ਹਨ। 

ਲੁਧਿਆਣਾ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਵਿਅਕਤੀ ਨੇ ਜਰਮਨ ਸ਼ੈੱਫਰਡ ਕੁੱਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

ਥਾਣਾ ਸ਼ਿਮਲਾਪੁਰੀ ਅਧੀਨ ਪੈਂਦੇ ਬਸੰਤ ਪਾਰਕ ਚੌਂਕੀ ਸ਼ਿਮਲਾਪੁਰੀ ਖੇਤਰ ਦੇ ਪ੍ਰੀਤ ਨਗਰ 'ਚ ਇਕ ਜਰਮਨ ਸ਼ੈੱਫਰਡ ਕੁੱਤੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਵਿਆਹ ਸਮਾਗਮ 'ਚ ਗਿਆ ਹੋਇਆ ਸੀ ਕਿ ਉਸ ਦਾ ਗੁਆਂਢੀ ਪਿੱਛਿਓਂ ਕੰਧ ਟੱਪ ਕੇ ਉਸ ਦੇ ਘਰ 'ਚ ਦਾਖ਼ਲ ਹੋ ਗਿਆ ਅਤੇ ਉਸ ਦੇ ਪਾਲਤੂ ਜਾਨਵਰ ਨਾਲ ਘਿਨੌਣੀ ਹਰਕਤ ਕੀਤੀ।

ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ 'ਤੇ 5 AK-47 ਸਮੇਤ ਬਰਾਮਦ ਹੋਈ ਹਥਿਆਰਾਂ ਦਾ ਵੱਡੀ ਖੇਪ

ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਅੰਮ੍ਰਿਤਸਰ ਪੁਲਸ ਅਤੇ ਬੀ. ਐੱਸ. ਐੱਫ਼ ਨੇ ਸਾਂਝੇ ਆਪ੍ਰੇਸ਼ਨ 'ਚ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਭਾਰਤ-ਪਾਕਿ ਸਰਹੱਦ ਦੇ ਦੋਨਾ ਤੇਲੂ ਮੱਲ ਇਲਾਕੇ 'ਚ 5 AK-47 ਰਾਈਫ਼ਲਾਂ , 5 ਪਿਸਤੌਲ , 9 ਮੈਗਜ਼ੀਨ ਤੋਂ ਇਲਾਵਾ 13 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ਼ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਤੋਂ ਹਥਿਆਰ ਬਰਾਮਦ ਕੀਤੇ ਹਨ।

ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਸਮਸੀ ਸੁਸਾਇਟੀ ’ਚ ਮੰਗਲਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਕੁੜੀਆਂ ਦਾ ਕਤਲ ਕਰਕੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ ਕੀਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਦਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News