ਗੋਲਡੀ ਬਰਾੜ ਅਦਾਲਤ ਵੱਲੋਂ ਭਗੌੜਾ ਕਰਾਰ, ਕਿਸਾਨਾਂ ਅੱਗੇ ਝੁਕੀ ਸਰਕਾਰ, ਪੜ੍ਹੋ TOP 10

Wednesday, Nov 23, 2022 - 08:12 PM (IST)

ਜਲੰਧਰ (ਬਿਉਰੋ) : ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ ਤਾਂ ਉੱਧਰ ਅੰਬਾਲਾ ਦੇ ਕਿਸਾਨਾਂ ਵੱਲੋਂ ਜੀ. ਟੀ. ਰੋਡ ਜਾਮ ਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਵਿਚ ਸਹਿਮਤੀ ਬਣ ਗਈ ਹੈ ਤੇ ਉਨ੍ਹਾਂ ਨੇ ਹਾਈਵੇਅ ਜਾਮ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਪੜ੍ਹੋ Top 10 ਖ਼ਬਰਾਂ...

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਅਦਾਲਤ ਵਲੋਂ ਭਗੌੜਾ ਕਰਾਰ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖ਼ਿਲਾਫ਼ ਚੰਡੀਗੜ੍ਹ ਦੇ ਇਕ ਬਿਜ਼ਨਸਮੈਨ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਦਰਅਸਲ ਅਦਾਲਤ ਨੇ ਇਸ ਮਾਮਲੇ ਵਿਚ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦੇ ਮਨਜੀਤ ਸਿੰਘ ’ਤੇ ਵੀ ਦੋਸ਼ ਤੈਅ ਕਰ ਦਿੱਤੇ ਹਨ। ਕੇਸ ਵਿਚ ਹੁਣ ਟਰਾਇਲ ਸ਼ੁਰੂ ਹੋਵੇਗਾ।

ਆਖ਼ਰਕਾਰ ਝੁਕੀ ਸਰਕਾਰ; ਕਿਸਾਨਾਂ ’ਤੇ ਦਰਜ ਕੇਸ ਹੋਣਗੇ ਵਾਪਸ, ਭਲਕੇ ਨਹੀਂ ਹੋਵੇਗਾ ਰੋਡ ਜਾਮ

ਹਰਿਆਣਾ ਦੇ ਅੰਬਾਲਾ ’ਚ ਕਿਸਾਨਾਂ ਵਲੋਂ ਮੋਹੜਾ ’ਚ ਜੀ. ਟੀ. ਰੋਡ ਜਾਮ ਕਰਨ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਬੈਠਕ ਹੋਈ। ਚੜੂਨੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਗੱਲਬਾਤ ’ਚ ਸਹਿਮਤੀ ਬਣੀ ਹੈ। ਸਰਕਾਰ ਨੇ ਮੰਗਾਂ ਮੰਨ ਲਈਆਂ ਹਨ ਅਤੇ ਕਿਸਾਨ ਕੱਲ ਹਾਈਵੇਅ ਜਾਮ ਨਹੀਂ ਕਰਨਗੇ।

ਪੁੱਤ ਨੇ ਚੁੱਪ-ਚੁਪੀਤੇ ਕੀਤਾ ਪਿਓ ਦਾ ਸਸਕਾਰ, ਕਤਲ ਦੇ ਦੋਸ਼ ਹੇਠ ਮਾਮਲਾ ਦਰਜ

ਪਿਤਾ ਦੇ ਗੈਰ ਇਰਾਦਤਨ ਕਤਲ ਦੇ ਦੋਸ਼ ਵਿਚ ਪੁਲਸ ਚੌਕੀ ਚੁੰਨੀ ਕਲਾਂ ਦੀ ਪੁਲਸ ਨੇ ਪੁੱਤਰ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਪੀ. ਡੀ. ਦਿਗਵਿਜੈ ਕਪਿਲ ਅਤੇ ਡੀ. ਐੱਸ. ਪੀ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦਾਸ ਸਿੰਘ ਪੁੱਤਰ ਲੇਟ ਕਾਕਾ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਤਾਜਪੁਰਾ ਨੇ ਪੁਲਸ ਨੂੰ ਦੱਸਿਆ ਕਿ ਅਮਰ ਸਿੰਘ ਉਮਰ ਕਰੀਬ 70 ਸਾਲ ਉਸਦਾ ਵੱਡਾ ਭਰਾ ਸੀ।

ਸੰਗਰੂਰ ਦੇ ਨੌਜਵਾਨ ਦੀ ਕੈਨੇਡਾ 'ਚ ਦੁਖਦਾਇਕ ਮੌਤ, ਕੁਝ ਮਹੀਨੇ ਪਹਿਲਾਂ ਮਿਲੀ ਸੀ ਪੀ. ਆਰ.

ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹਲਕੇ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼ ਰੂਬੀ ਪੁੱਤਰ ਗੁਰਪ੍ਰੀਤ ਸਿੰਘ (27) ਦੀ ਕੈਨੇਡਾ ਦੇ ਵਿਨੀਪੈਗ ’ਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਦੀਪਇੰਦਰ ਵਿਨੀਪੈਗ 'ਚ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ। 

ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਅੰਦੋਲਨਕਾਰੀਆਂ ਨੂੰ ਅਪੀਲ, ਜੇਕਰ ਮੈਨੂੰ ਕੁਝ ਹੋ ਗਿਆ ਤਾਂ...

ਫਰੀਦਕੋਟ ਦੇ ਟਹਿਣਾ ਪਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਾਏ ਗਏ ਧਰਨਾ ਦਾ ਅੱਜ 8ਵਾਂ ਦਿਨ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ 5ਵੇਂ ਦਿਨ ਜਾਰੀ ਹੈ। ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਲਗਾਤਾਰ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ ਪਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਚੇ ਡਟੇ ਹੋਏ ਹਨ।

ਅਹਿਮ ਖ਼ਬਰ : ਪੰਜਾਬ ਦੇ ਵਿਧਾਇਕਾਂ ਦੀ ਸ਼ਾਨ ਨਹੀਂ ਰੱਖੀ ਗਈ ਬਹਾਲ, 5 ਜ਼ਿਲ੍ਹਿਆਂ ਦੇ DC ਤਲਬ

ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਅਧਿਕਾਰ ਹਨਨ ਮਾਮਲੇ 'ਚ ਆਪਣੇ ਪੱਖ ਰੱਖਣ ਲਈ ਤਲਬ ਕੀਤਾ ਗਿਆ ਸੀ। ਮੰਗਲਵਾਰ ਨੂੰ ਹੋਈ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਦੀ ਬੈਠਕ ਦੌਰਾਨ ਸੰਗਰੂਰ, ਤਰਨਤਾਰਨ ਅਤੇ ਐੱਸ. ਬੀ. ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਕਮੇਟੀ ਦੇ ਸਾਹਮਣੇ ਪੇਸ਼ ਹੋਏ।

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ, ਮਿਲ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਤਾਲਿਬਾਨੀ ਰਾਜ ਵਰਗੇ ਹਨ। ਲੁਧਿਆਣਾ ਦੇ ਹਲਕਾ ਪੱਛਮੀ ’ਚ ਪਹੁੰਚੇ ਰਾਜਾ ਵੜਿੰਗ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਜੰਮ ਕੇ ਹਮਲੇ ਕੀਤੇ ਹਨ। ਡੀ. ਜੀ. ਪੀ. ਪੰਜਾਬ ਵੱਲੋਂ ਹਥਿਆਰਾਂ ਦੀਆਂ ਪੋਸਟਾਂ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਅਜਿਹੀ ਮੁਹਿੰਮ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ।

ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

ਦੇਸ਼ ਦੀ ਰਾਜਧਾਨੀ ਦਿੱਲੀ ਸਨਸਨੀਖੇਜ਼ ਵਾਰਦਾਤ ਨਾਲ ਦਹਿਲ ਉੱਠੀ ਹੈ। ਦਿੱਲੀ ਦੇ ਸਾਊਥ ਵੈਸਟ ਜ਼ਿਲ੍ਹੇ ਦੇ ਪਾਲਮ ਇਲਾਕੇ ’ਚ ਇਕ ਘਰ ’ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਮਾਮਲਾ ਖ਼ੁਦਕੁਸ਼ੀ ਦਾ ਨਹੀਂ ਸਗੋਂ ਕਤਲ ਦਾ ਹੈ। ਦਰਅਸਲ ਕਲਯੁੱਗੀ ਪੁੱਤਰ ਨੇ ਆਪਣੇ ਹੀ ਮਾਂ-ਬਾਪ, ਭੈਣ ਅਤੇ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਦੋਸ਼ੀ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਆਏ ਦਿਨ ਘਰ ’ਚ ਪੈਸਿਆਂ ਨੂੰ ਲੈ ਕੇ ਝਗੜਾ ਕਰਦਾ ਸੀ। ਜਿਸ ਕਾਰਨ ਉਸ ਨੇ ਆਪਣਾ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੁਆ ਦਿੱਤਾ।

ਯੁਵਰਾਜ ਸਿੰਘ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸੈਰ ਸਪਾਟਾ ਵਿਭਾਗ ਨੇ ਭੇਜਿਆ ਨੋਟਿਸ

ਗੋਆ ਦੇ ਸੈਰ ਸਪਾਟਾ ਵਿਭਾਗ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੋਰਜਿਮ ਵਿੱਚ ਆਪਣੇ ਵਿਲਾ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ‘ਹੋਮ ਸਟੇਅ’ ਵਜੋਂ ਚਲਾਉਣ ਲਈ ਨੋਟਿਸ ਜਾਰੀ ਕਰ ਕੇ 8 ਦਸੰਬਰ ਨੂੰ ਸੁਣਵਾਈ ਲਈ ਤਲਬ ਕੀਤਾ ਹੈ। ਗੋਆ ਟੂਰਿਜ਼ਮ ਬਿਜ਼ਨਸ ਐਕਟ, 1982 ਤਹਿਤ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਸੂਬੇ ਵਿੱਚ ‘ਹੋਮ ਸਟੇਅ’ ਚਲਾਇਆ ਜਾ ਸਕਦਾ ਹੈ। ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਕਾਲੇ ਨੇ 18 ਨਵੰਬਰ ਨੂੰ ਉੱਤਰੀ ਗੋਆ ਦੇ ਮੋਰਜਿਮ ਵਿੱਚ ਸਥਿਤ ਕ੍ਰਿਕਟਰ ਦੀ ਮਲਕੀਅਤ ਵਾਲੇ ਵਿਲਾ 'ਕਾਸਾ ਸਿੰਘ' ਦੇ ਪਤੇ 'ਤੇ ਜਾਰੀ ਕੀਤੇ ਗਏ ਨੋਟਿਸ ਵਿੱਚ ਸਾਬਕਾ ਆਲਰਾਊਂਡਰ ਨੂੰ 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਸੁਣਵਾਈ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ।

ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਹਰ ਕੋਈ ਆਪਣੇ ਸਟੇਜ ਸ਼ੋਅਜ਼ ਰਾਹੀਂ ਯਾਦ ਕਰਦਾ ਹੈ। ਹਾਲ ਹੀ ’ਚ ਗੈਰੀ ਸੰਧੂ ਨੇ ਵੀ ਆਪਣੇ ਇਕ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਸਟੇਜ ’ਤੇ ਕਹਿੰਦੇ ਹਨ, ‘‘ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਇਕ ਵਾਰ ਤਾੜੀ ਮਾਰ ਦਿਓ। ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ। ਜਿਥੇ ਵੀ ਜਾਓ ਹੁਣ ਬਸ ਉਸ ਦੇ ਹੀ ਗੀਤ ਚੱਲਦੇ ਹਨ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News