ਅੱਜ ਮਹਿਲਾ ਦਿਵਸ ''ਤੇ ਵਿਸ਼ੇਸ਼  ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ

Thursday, Mar 08, 2018 - 03:45 AM (IST)

ਕਪੂਰਥਲਾ, (ਮੱਲ੍ਹੀ)- ਗੁਰੂਆਂ, ਪੀਰਾਂ ਵਲੋਂ 'ਜਗ-ਜਨਨੀ' ਦਾ ਦਰਜਾ ਪ੍ਰਾਪਤ ਮਹਿਲਾਵਾਂ ਨੇ ਆਪਣੀ ਕਾਬਲੀਅਤ ਨਾਲ ਮਰਦ ਪ੍ਰਧਾਨ ਸਮਾਜ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੋਵੇ ਪਰ ਉਸ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਤੋਂ ਵਾਂਝਾ ਰੱਖਣ ਲਈ ਮਰਦ ਪ੍ਰਧਾਨ ਸਮਾਜ ਹਰ ਸੰਭਵ ਯਤਨ ਕਰਦਾ ਹੈ, ਸੋ ਮਹਿਲਾਵਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਇਹ ਸ਼ਬਦ ਮਹਿਲਾ ਕਾਂਗਰਸ ਕਪੂਰਥਲਾ ਦੇ ਬਲਾਕ ਪ੍ਰਧਾਨ ਤੇ ਸਮਾਜ ਸੇਵਿਕਾ ਸਵਿਤਾ ਚੌਧਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਦਰਭ 'ਚ ਆਖੇ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤੀ ਸੰਵਿਧਾਨ ਨੇ ਮਹਿਲਾਵਾਂ ਨੂੰ ਅਨੇਕਾਂ ਹੀ ਸੰਵਿਧਾਨਿਕ ਅਧਿਕਾਰ ਦਿੱਤੇ ਹਨ ਪਰ ਜੇ ਗੱਲ ਅਸਲੀਅਤ ਦੀ ਕਰੀਏ ਤਾਂ ਸਮਾਜ 'ਚ ਔਰਤਾਂ ਦੀ ਸਥਿਤੀ ਤਰਸਯੋਗ ਹੈ ਕਿਉਂਕਿ ਅੱਜ ਵੀ ਕੰਨਿਆ ਭਰੂਣ ਹੱਤਿਆਵਾਂ, ਬਾਲੜੀਆਂ ਨਾਲ ਛੇੜਛਾੜ, ਬਲਾਤਕਾਰ ਤੇ ਹੋਰ ਘਰੋਂ ਬਾਹਰ ਕੰਮਕਾਜ ਵਾਲੀਆਂ ਥਾਵਾਂ 'ਤੇ ਮਹਿਲਾਵਾਂ ਦਾ ਸਰੀਰਕ ਸ਼ੋਸ਼ਣ ਤੇ ਛੇੜਛਾੜ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਜੋ ਸਮਾਜ ਦੇ ਖੈਰ ਖਵਾਹਾਂ (ਫਿਕਰਮੰਦਾਂ) ਲਈ ਬਹੁਤ ਵੱਡੀ ਚੁਣੌਤੀ ਹੈ।
ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਕਰਨ ਨਾਲ ਕੰਨਿਆ ਭਰੂਣ ਹੱਤਿਆ 'ਤੇ ਲੱਗੇਗੀ ਰੋਕ : ਡਾ. ਰਾਗਣੀ ਸ਼ਰਮਾ
ਮਹਿਲਾਵਾਂ ਦੇ ਗੁਪਤ ਰੋਗਾਂ ਦੇ ਮਾਹਿਰ ਤੇ ਸਮਾਜ 'ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਗਿਣਤੀ ਤੋਂ ਫਿਕਰਮੰਦ ਡਾ. ਰਾਗਣੀ ਸ਼ਰਮਾ ਨੇ ਕਿਹਾ ਕਿ 21ਵੀਂ ਸਦੀ 'ਚ ਪਹੁੰਚ ਕੇ ਵੀ ਮਰਦ ਪ੍ਰਧਾਨ ਸਮਾਜ ਲੜਕੇ ਤੇ ਲੜਕੀ 'ਚ ਅੰਤਰ ਕਰ ਰਿਹਾ ਹੈ, ਜਿਸ ਕਰ ਕੇ ਕੰਨਿਆ ਭਰੂਣ ਹੱਤਿਆਵਾਂ ਹੋ ਰਹੀਆਂ ਹਨ, ਲੜਕੇ ਤੇ ਲੜਕੀਆਂ ਦੇ ਲਿੰਗ ਅਨੁਪਾਤ 'ਚ ਵੱਡੀ ਖਾਈ ਬਣ ਰਹੀ ਹੈ, ਜਿਸ ਨੂੰ ਖਤਮ ਕਰਨ ਲਈ ਮਾਪਿਆਂ ਨੂੰ ਧੀਆਂ ਨਾਲ ਵੀ ਪੁੱਤਰਾਂ ਵਾਂਗ ਪਿਆਰ ਤੇ ਸਨੇਹ ਕਰਨਾ ਚਾਹੀਦਾ ਹੈ, ਧੀਆਂ ਨੂੰ ਵੀ ਪੜ੍ਹਨ ਲਿਖਣ ਤੇ ਜੀਵਨ 'ਚ ਅੱਗੇ ਵਧਣ ਦੇ ਪੁੱਤਰਾਂ ਦੇ ਬਰਾਬਰ ਹੀ ਮੌਕੇ ਦੇਣੇ ਚਾਹੀਦੇ ਹਨ। 
ਸਵਿਧਾਨਿਕ ਹੱਕਾਂ ਪ੍ਰਤੀ ਜਾਗਰੂਕ ਹੋਣ ਮਹਿਲਾਵਾਂ : ਬੀਬੀ ਗੁਰਪ੍ਰੀਤ ਕੌਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਕ ਕਮੇਟੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਜਿੰਨਾ ਚਿਰ ਮਹਿਲਾਵਾਂ ਪੜ੍ਹ ਲਿਖ ਕੇ ਸੰਵਿਧਾਨ 'ਚ ਉਨ੍ਹਾਂ ਨੂੰ ਮਿਲੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੁੰਦੀਆਂ, ਓਨੀ ਦੇਰ ਮਹਿਲਾਵਾਂ ਦਾ ਕਲਿਆਣ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਉਪਰ ਹੋ ਰਹੇ ਜ਼ੁਲਮਾਂ ਨੂੰ ਚੁੱਪ ਚਾਪ ਸਹਿ ਰਹੀਆਂ ਭੈਣਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਡਟ ਕੇ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂਆਂ ਨੇ ਲਿਖਿਆ ਹੈ ਕਿ 'ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨ' ਦੇ ਮਹਾਵਾਕਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ।
ਹੱਕਾਂ ਦੀ ਪ੍ਰਾਪਤੀ ਲਈ ਮਹਿਲਾਵਾਂ ਦਾ ਪੜ੍ਹਨਾ-ਲਿਖਣਾ ਜ਼ਰੂਰੀ : ਬੀਬੀ ਸਰਬਜੀਤ ਪੰਛੀ
ਸਾਬਕਾ ਬੀ. ਪੀ. ਈ. ਓ. ਤੇ ਚਿੰਤਕ ਬੀਬੀ  ਸਰਬਜੀਤ ਕੌਰ ਪੰਛੀ ਨੇ ਕਿਹਾ ਕਿ ਮਹਿਲਾਵਾਂ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਅਵੇਸਲਾਪਨ ਦੀ ਸਭ ਤੋਂ ਵੱਡੀ ਵਜ੍ਹਾ ਮਹਿਲਾਵਾਂ 'ਚ ਸਾਖਰਤਾ ਦੀ ਘਾਟ ਹੈ, ਸੋ ਹਰੇਕ ਮਾਂ ਬਾਪ ਨੂੰ ਆਪਣੀਆਂ ਧੀਆਂ ਨੂੰ ਪੜ੍ਹਨ ਲਿਖਣ ਦੇ ਵਧੇਰੇ ਮੌਕੇ ਦੇਣੇ ਚਾਹੀਦੇ ਹਨ ਤੇ ਧੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਪਿਆਂ ਵਲੋਂ ਪੜ੍ਹਨ ਲਿਖਣ ਲਈ ਮਿਲੇ ਮੌਕਿਆਂ ਦਾ ਲਾਹਾ ਲੈਂਦੀਆਂ ਹੋਈਆਂ ਸਖਤ ਮਿਹਨਤ ਕਰਨ। ਧੀਆਂ ਨੂੰ ਆਪਣੇ ਪਿਓ ਦੀ ਪੱਗ ਨੂੰ ਦਾਗ ਲੱਗਣ ਤੋਂ ਵੀ ਬਚਾਉਣਾ ਪਵੇਗਾ, ਕਿਉਂਕਿ ਵਧੇਰੇ ਮਾਂ ਬਾਪ ਧੀਆਂ ਵੱਲੋਂ ਪੱਗ ਨੂੰ ਲਾਏ ਜਾ ਰਹੇ ਦਾਗ ਦੇ ਡਰੋਂ ਹੀ ਧੀਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਸੋ ਅੱਜ ਦੀਆਂ ਧੀਆਂ ਨੂੰ ਮਾਡਰਨ ਹੋਣ ਦੀ ਥਾਂ ਮਾਪਿਆਂ ਦੀ ਇੱਜ਼ਤ ਦਾ ਸਨਮਾਨ ਕਰਨਾ ਚਾਹੀਦਾ ਹੈ ਫਿਰ ਕੋਈ ਮਾਂ ਬਾਪ ਧੀਆਂ ਨੂੰ ਜਨਮ ਦੇਣ ਤੋਂ ਡਰੇਗਾ ਨਹੀਂ।


Related News