ਢਾਬ ਸ਼ੇਰ ਸਿੰਘ ਵਾਲਾ ਤੇ ਨੱਥਲਵਾਲਾ ਤੰਬਾਕੂ ਮੁਕਤ ਐਲਾਨੇ

Monday, Feb 05, 2018 - 08:01 AM (IST)

ਸਾਦਿਕ  (ਪਰਮਜੀਤ) - ਡਿਪਟੀ ਕਮਿਸ਼ਨਰ ਫਰੀਦਕੋਟ ਰਾਜੀਵ ਪਰਾਸ਼ਰ ਅਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੇ ਨਿਰਦੇਸ਼ਾਂ 'ਤੇ ਆਮ ਲੋਕਾਂ ਨੂੰ ਕੋਟਪਾ ਐਕਟ ਪ੍ਰਤੀ ਜਾਗਰੂਕ ਕਰਨ ਲਈ ''ਤੰਬਾਕੂ ਕੈਂਸਰ ਦਾ ਘਰ'' ਅਤੇ ''ਜ਼ਿੰਦਗੀ ਚੁਣੋ, ਤੰਬਾਕੂ ਨਹੀਂ'' ਵਿਸ਼ੇ 'ਤੇ ਸੈਮੀਨਾਰ, ਵਰਕਸ਼ਾਪਾਂ ਅਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਤਾਂ ਜੋ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਘਰ-ਘਰ ਪਹੁੰਚਾਈ ਜਾ ਸਕੇ।
ਹੁਣ ਤੱਕ ਬਲਾਕ ਜੰਡ ਸਾਹਿਬ ਦੇ 26 ਪਿੰਡ ਤੰਬਾਕੂ ਮੁਕਤ ਐਲਾਨੇ ਜਾ ਚੱਕੇ ਹਨ। ਪਿੰਡ ਨੱਥਲਵਾਲਾ ਅਤੇ ਢਾਬ ਸ਼ੇਰ ਸਿੰਘ ਵਾਲਾ ਦੀਆਂ ਪੰਚਾਇਤਾਂ ਨੇ ਵੀ ਹੰਭਲਾ ਮਾਰਦਿਆਂ ਵਿਸ਼ਵ ਕੈਂਸਰ ਦਿਵਸ ਮੌਕੇ ਤੰਬਾਕੂ ਵਿਰੋਧੀ ਮੁਹਿੰਮ 'ਚ ਸ਼ਾਮਲ ਹੋਣ ਲਈ ਕਮਰ ਕੱਸ ਲਈ ਹੈ ਅਤੇ ਸਬੰਧਤ ਵਿਭਾਗ ਵੱਲੋਂ ਵੀ ਪਿੰਡਾਂ ਦਾ ਦੌਰਾ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਿਹਤ ਵਿਭਾਗ ਨੂੰ ਤੰਬਾਕੂ ਵਿਰੋਧੀ ਮਤਾ ਪਾਸ ਕਰ ਕੇ ਸੌਂਪ ਦਿੱਤਾ ਅਤੇ ਹੁਣ ਦੋਵੇਂ ਪਿੰਡ ਢਾਬ ਸ਼ੇਰ ਸਿੰਘ ਵਾਲਾ ਅਤੇ ਨੱਥਲਵਾਲਾ ਤੰਬਾਕੂ ਮੁਕਤ ਐਲਾਨੇ ਗਏ ਹਨ। ਪੀ. ਐੱਚ. ਸੀ ਜੰਡ ਸਾਹਿਬ ਬਲਾਕ ਦੇ 28 ਪਿੰਡਾਂ ਦੇ ਬਾਹਰ ਹੁਣ ''ਜੀ ਆਇਆਂ ਨੂੰ ਤੰਬਾਕੂ ਮੁਕਤ ਪਿੰਡ 'ਚ, ਆਪ ਜੀ ਦਾ ਸਵਾਗਤ ਹੈ'' ਦੇ ਬੋਰਡ ਵੀ ਲਾਏ ਗਏ ਹਨ। ਇਨ੍ਹਾਂ ਪਿੰਡਾਂ 'ਚ ਤੰਬਾਕੂ ਦੀ ਵੇਚ-ਖਰੀਦ ਨਹੀਂ ਹੁੰਦੀ ਅਤੇ ਹੁਣ ਤੱਕ ਜ਼ਿਲੇ ਦੇ ਕੁਲ 31 ਪਿੰਡ ਤੰਬਾਕੂ ਮੁਕਤ ਐਲਾਨੇ ਜਾ
ਚੁੱਕੇ ਹਨ।
ਵਿਸ਼ਵ ਕੈਂਸਰ ਦਿਵਸ ਮੌਕੇ ਕਰਵਾਏ ਇਸ ਜਾਗਰੂਕਤਾ ਸਮਾਗਮ ਅਤੇ ਸਨਮਾਨ ਸਮਾਗਮ ਮੌਕੇ ਸਿਹਤ ਵਿਭਾਗ ਵੱਲੋਂ ਨੋਡਲ ਅਫਸਰ ਡਾ. ਵੀ. ਪੀ. ਸਿੰਘ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਕਿਹਾ ਕਿ ਜਿਹੜੀਆਂ ਪਿੰਡ ਪੰਚਾਇਤਾਂ ਪਿੰਡ ਨੂੰ ਤੰਬਾਕੂ ਮੁਕਤ ਕਰਨਾ ਚਾਹੁੰਦੀਆਂ ਹਨ, ਉਹ ਸਿਹਤ ਵਿਭਾਗ ਦੇ ਤੰਬਾਕੂ ਕੰਟਰੋਲ ਸੈੱਲ ਨਾਲ ਸੰਪਰਕ ਕਰ ਸਕਦੀਆਂ। ਇਸ ਸਮੇਂ ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ ਅਤੇ ਹੈਲਥ ਵਰਕਰ ਮਨਜੀਤ ਕੌਰ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ ਕੋਟਪਾ ਐਕਟ ਸਬੰਧੀ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਲਖਵਿੰਦਰ ਕੌਰ ਸਰਪੰਚ ਨੱਥਲਵਾਲਾ, ਸਾਬਕਾ ਸਰਪੰਚ ਲਖਵੰਤ ਸਿੰਘ, ਗੁਰਮੀਤ ਸਿੰਘ, ਪੰਚ ਨਾਇਬ ਸਿੰਘ, ਕਿਰਪਾਲ ਸਿੰਘ, ਕਲੱਬ ਪ੍ਰਧਾਨ ਸੁਖਦਰਸ਼ਨ ਸਿੰਘ, ਕਲੱਬ ਮੈਂਬਰ ਗੁਰਪ੍ਰੀਤ ਸਿੰਘ, ਮੁੱਖ ਅਧਿਆਪਕ ਅਮਨਦੀਪ ਸਿੰਘ, ਅਧਿਆਪਕ ਲਲਿਤ ਕੁਮਾਰ, ਆਸ਼ਾ ਜਸਬੀਰ ਕੌਰ, ਜਸਵੀਰ ਸਿੰਘ, ਡਾ. ਗੁਰਤੇਜ ਸਿੰਘ, ਡਾ. ਜਗਰੂਪ ਸਿੰਘ, ਡਾ. ਜਸਵਿੰਦਰ ਭੋਲਾ, ਦਿਨੇਸ਼ ਸ਼ਰਮਾ, ਜਸਪ੍ਰੀਤ ਸਿੰਘ ਆਦਿ
ਹਾਜ਼ਰ ਹੋਏ।


Related News