ਅੰਡਰਏਜ ਡਰਾਈਵਿੰਗ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਨੇ ਲਾਏ 6 ਨਾਕੇ, 21 ਚਾਲਕਾਂ ਦੇ ਚਲਾਨ, 2 ਵਾਹਨ ਕੀਤੇ ਜ਼ਬਤ
Thursday, Aug 22, 2024 - 05:56 AM (IST)
ਲੁਧਿਆਣਾ (ਸੰਨੀ) : ਅੰਡਰਏਜ ਡਰਾਈਵਿੰਗ ’ਤੇ ਨਕੇਲ ਕੱਸਣ ਲਈ ਦਿੱਤੀ ਗਈ ਸਮਾਂ ਹੱਦ ਬੀਤੇ ਮੰਗਲਵਾਰ ਨੂੰ ਖਤਮ ਹੋਣ ਤੋਂ ਬਾਅਦ ਅੱਜ ਟ੍ਰੈਫਿਕ ਪੁਲਸ ਵੱਲੋਂ ਵੱਖ-ਵੱਖ ਪੁਆਇੰਟਾਂ ’ਤੇ 6 ਨਾਕੇ ਲਗਾਏ ਗਏ, ਜਿੱਥੇ 21 ਅੰਡਰਏਜ ਚਾਲਕਾਂ ਦੇ ਚਲਾਨ ਕੀਤੇ ਗਏ, ਜਦੋਂਕਿ 2 ਨੂੰ ਕੋਈ ਕਾਗਜ਼ ਨਾ ਹੋਣ ਕਾਰਨ ਜ਼ਬਤ ਕੀਤਾ ਗਿਆ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੀ ਸੀ ਕਿ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਪੇਰੈਂਟਸ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਲਈ ਦਿੰਦੇ ਹਨ ਤਾਂ ਵਾਹਨ ਚਾਲਕ ਦਾ ਅੰਡਰਏਜ ਦੇ ਜੁਰਮ ’ਚ ਚਲਾਨ ਹੋਣ ਦੇ ਨਾਲ ਹੀ ਪੇਰੈਂਟਸ ਨੂੰ ਵੀ 25 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ।
ਇਹ ਵੀ ਪੜ੍ਹੋ : ਜ਼ੋਮੈਟੋ ਨੂੰ 2,048 ਕਰੋੜ ਰੁਪਏ 'ਚ ਪੇਟੀਐੱਮ ਵੇਚੇਗੀ ਆਪਣਾ ਫਿਲਮ ਟਿਕਟਿੰਗ ਕਾਰੋਬਾਰ
ਇਸ ਤੋਂ ਪਹਿਲਾਂ ਜਾਗਰੂਕ ਕਰਨ ਦੀ ਸਮਾਂਹੱਦ 31 ਜੁਲਾਈ ਤੈਅ ਕੀਤੀ ਗਈ ਸੀ ਪਰ ਇਸ ਨੂੰ ਵਧਾ ਕੇ 20 ਅਗਸਤ ਕਰ ਦਿੱਤਾ ਗਿਆ। ਲੋਕ ਵੀ 20 ਅਗਸਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਇਸ ਤੋਂ ਬਾਅਦ ਟ੍ਰੈਫਿਕ ਪੁਲਸ ਕੀ ਕਾਰਵਾਈ ਕਰੇਗੀ ’ਤੇ ਅਜੇ ਅਧਿਕਾਰੀ ਇਸ ਮੁਹਿੰਮ ਨੂੰ ਤੇਜ਼ ਅਤੇ ਸਖ਼ਤ ਕਰਨ ਦੇ ਮੂਡ ’ਚ ਨਹੀਂ ਦਿਖਾਈ ਦੇ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਡਰਏਜ ’ਤੇ ਕਾਰਵਾਈ ਕਰਨ ਦੇ ਨਾਲ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਪੇਰੈਂਟਸ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਨਿਯਮਾਂ ਮੁਤਾਬਕ ਹੀ ਵਾਹਨ ਚਲਾਉਣ। ਨਾਕਿਆਂ ’ਤੇ ਕਈ ਅੰਡਰਏਜ ਚਾਲਕਾਂ ਦੇ ਚਲਾਨ ਕਰਨ ਦੇ ਨਾਲ-ਨਾਲ ਦੂਜੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਪੇਰੈਂਟਸ ਨਾਬਾਲਗਾਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ : ਏਸੀਪੀ ਲਾਂਬਾ
ਏਸੀਪੀ ਟ੍ਰੈਫਿਕ ਚਰਨਜੀਵ ਲਾਂਬਾ ਦਾ ਕਹਿਣਾ ਹੈ ਕਿ ਪੁਲਸ ਵਿਭਾਗ ਕਾਰਵਾਈ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ। ਲੋਕ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਦੇਣ ਤੋਂ ਪਰਹੇਜ਼ ਕਰਨ। ਜੇਕਰ ਨਾਬਾਲਗ ਸੜਕਾਂ ’ਤੇ ਵਾਹਨ ਚਲਾਉਂਦੇ ਫੜੇ ਗਏ ਤਾਂ ਉਨ੍ਹਾਂ ਦੇ ਪੇਰੈਂਟਸ ਲਈ ਵੀ ਜੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਹੈ।
ਇਨ੍ਹਾਂ 6 ਥਾਵਾਂ ’ਤੇ ਲਾਏ ਗਏ ਵਿਸ਼ੇਸ਼ ਨਾਕੇ
ਜਲੰਧਰ ਬਾਈਪਾਸ, ਸਿਵਲ ਲਾਈਨਜ਼, ਬੀ. ਆਰ. ਐੱਸ. ਨਗਰ, ਧਾਂਦਰਾ ਰੋਡ, ਸਾਹਨੇਵਾਲ, ਸੈਕਟਰ-32 ਆਦਿ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8