ਟਿੱਪਰ ਲੁੱਟਣ ਵਾਲਾ ਗੈਂਗ ਬੇਨਕਾਬ, 2 ਗ੍ਰਿਫਤਾਰ, 2 ਫਰਾਰ
Tuesday, Mar 27, 2018 - 12:26 AM (IST)

ਬਟਾਲਾ, (ਬੇਰੀ)- ਪੰਜਾਬ 'ਚੋਂ ਟਿੱਪਰ ਲੁੱਟਣ ਵਾਲੇ ਗੈਂਗ ਨੂੰ ਸੀ. ਆਈ. ਏ. ਸਟਾਫ ਬਟਾਲਾ ਵੱਲੋਂ ਬੇਨਕਾਬ ਕਰਦੇ ਹੋਏ 2 ਨੂੰ ਗ੍ਰਿਫਤਾਰ ਕਰਨ ਅਤੇ 2 ਦੇ ਫਰਾਰ ਹੋਣ ਦਾ ਮਾਮਲਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਬਟਾਲਾ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਚੌਕੀ ਇੰਚਾਰਜ ਸਿੰਬਲ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਮਨ ਕੁਮਾਰ ਵਾਸੀ ਪਿੰਡ ਵਡਾਲਾ ਥਾਣਾ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪਿੰਡ ਤੋਂ ਸਵੇਰੇ 3:30 ਵਜੇ ਆਪਣੇ ਟਿੱਪਰ 'ਚ ਲੋਡ ਕੀਤੀ ਬੱਜਰੀ ਉਤਾਰਨ ਲਈ ਐੱਚ. ਪੀ. ਐੱਮ. ਫੈਕਟਰੀ ਜੰਡਿਆਲਾ ਗੁਰੂ ਜਾ ਰਿਹਾ ਸੀ ਅਤੇ ਜਦੋਂ ਉਹ ਗਾਲੋਵਾਲ ਪੁਲੀ ਨੇੜੇ ਪਿੰਡ ਘੁਮਾਣ ਵਿਖੇ ਪਹੁੰਚਿਆ ਤਾਂ ਪਿੱਛੋਂ ਇਕ ਬਿਨਾਂ ਨੰਬਰੀ ਇਨੋਵਾ ਗੱਡੀ ਆਈ। ਉਕਤ ਕਾਰ ਚਾਲਕ ਨੇ ਆਪਣੀ ਗੱਡੀ ਮੇਰੇ ਟਿੱਪਰ ਸਾਹਮਣੇ ਖੜ੍ਹੀ ਕਰ ਦਿੱਤੀ। ਉਸ ਨੇ ਅੱਗੇ ਲਿਖਵਾਇਆ ਕਿ ਗੱਡੀ 'ਚੋਂ ਤਿੰਨ ਮੋਨੇ ਅਣਪਛਾਤੇ ਵਿਅਕਤੀ ਨਿਕਲੇ ਅਤੇ ਜ਼ਬਰਦਸਤੀ ਟਿੱਪਰ ਦੀ ਬਾਰੀ ਖੋਲ੍ਹ ਕੇ ਮੇਰੀ ਕੁੱਟ-ਮਾਰ ਕਰ ਕੇ ਮੈਨੂੰ ਬੰਨ੍ਹ ਦਿੱਤਾ ਸੀ ਅਤੇ ਕੋਈ ਨਸ਼ੇ ਵਾਲੀ ਦਵਾਈ ਪਿਲਾ ਦਿੱਤੀ। ਉਪਰੰਤ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਦੋਰਾਂਗਲਾ ਨੇੜੇ ਖੇਤਾਂ 'ਚ ਸੁੱਟ ਦਿੱਤਾ ਅਤੇ ਮੇਰਾ ਟਿੱਪਰ ਖੋਹ ਕੇ ਲੈ ਗਏ। ਸੀ. ਆਈ. ਏ. ਇੰਚਾਰਜ ਨੇ ਦੱਸਿਆ ਕਿ ਇਸ ਸਬੰਧ 'ਚ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮੁਕੱਦਮਾ ਨੰ. 26 ਤਹਿਤ ਕੇਸ ਦਰਜ ਕਰ ਦਿੱਤਾ ਸੀ ਅਤੇ ਟਿੱਪਰ ਲੁੱਟਣ ਵਾਲਿਆਂ ਦੀ ਤਲਾਸ਼ ਜਾਰੀ ਸੀ। ਸੀ. ਆਈ. ਏ. ਇੰਚਾਰਜ ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਬਟਾਲਾ ਦੇ ਗੁਰਦਾਸਪੁਰ ਰੋਡ 'ਤੋਂ ਵੀ ਇਕ ਟਿੱਪਰ ਡਰਾਈਵਰ ਤੋਂ ਟਿੱਪਰ ਲੁੱਟਣ ਵਾਲੇ ਗੈਂਗ ਨੇ ਟਿੱਪਰ ਲੁੱਟਿਆ ਸੀ, ਜਿਸ ਸਬੰਧ 'ਚ ਪੁਲਸ ਚੌਕੀ ਸਿੰਬਲ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਕਾਰਵਾਈ ਕਰਦਿਆਂ ਅਣਪਛਾਤੇ ਟਿੱਪਰ ਲੁਟੇਰਿਆਂ ਵਿਰੁੱਧ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਨੰ. 35 ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਸੀ। ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲਿਆਂ ਸਬੰਧੀ ਪੁਲਸ ਨੇ ਟਿੱਪਰ ਲੁੱਟਣ ਵਾਲੇ ਗੈਂਗ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਨ੍ਹਾਂ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕਰ ਕੇ ਇਨ੍ਹਾਂ ਕੋਲੋਂ 2 ਲੁੱਟੇ ਹੋਏ ਟਿੱਪਰ ਬਰਾਮਦ ਕਰ ਲਏ ਹਨ ਅਤੇ ਗੈਂਗ ਦੇ ਮੈਂਬਰਾਂ ਦੀ ਪਛਾਣ ਮਖਤੂਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਧੌਲ ਕਲਾਂ ਅਤੇ ਰਣਜੋਧ ਸਿੰਘ ਉਰਫ ਰਾਣਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਭੁੱਲਰ ਹਾਲ ਵਾਸੀ ਅਰਜੁਨ ਗੰਗਾ ਵਜੋਂ ਹੋਈ ਹੈ।
ਜਦਕਿ ਇਨ੍ਹਾਂ ਦੇ ਦੋ ਹੋਰ ਸਾਥੀ ਹੁਣ ਫਰਾਰ ਹਨ ਜਿਨ੍ਹਾਂ ਨੂੰ ਪੁਲਸ ਜਲਦ ਹੀ ਗ੍ਰਿਫਤਾਰ ਕਰ ਲਵੇਗੀ ਅਤੇ ਗੈਂਗ ਦੇ ਮੈਂਬਰਾਂ ਨੂੰ ਮਾਣਯੋਗ ਅਦਾਲਤ 'ਚ ਅੱਜ ਚੌਕੀ ਇੰਚਾਰਜ ਅਸ਼ੋਕ ਕੁਮਾਰ ਅਤੇ ਪੁਲਸ ਟੀਮ ਵਲੋਂ ਪੇਸ਼ ਕਰ ਦਿੱਤਾ ਗਿਆ ਹੈ। ਇੰਸਪੈਕਟਰ ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਗੈਂਗ ਦੇ ਮੈਂਬਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਇਹ ਟਿੱਪਰ ਲੁੱਟ ਕੇ ਹਰਿਆਣਾ ਦੇ ਨਾਲ ਲਗਦੇ ਰਾਜਸਥਾਨ ਬਾਰਡਰ 'ਤੇ ਵੇਚ ਦਿੰਦੇ ਸਨ।