ਘਰ ’ਚ ਦਾਖਲ ਹੋ ਕੇ ਨੌਜਵਾਨ ਦੇ ਹੱਥ-ਪੈਰ ਤੋੜੇ ; ਸਿਰ ’ਤੇ ਕੀਤੇ ਵਾਰ, ਮੌਤ

Friday, Jul 20, 2018 - 06:28 AM (IST)

ਲੁਧਿਆਣਾ, (ਰਿਸ਼ੀ)- ਥਾਣਾ ਡਵੀਜ਼ਨ ਨੰ. 2 ਦੇ ਇਲਾਕਾ ਅਮਰਪੁਰਾ ’ਚ ਵੀਰਵਾਰ ਦੁਪਹਿਰ ਲਗਭਗ 12.30 ਘਰ ਵਿਚ ਦਾਖਲ ਹੋਏ ਹਮਲਾਵਰਾਂ ਨੇ ਰਾਡਾਂ ਨਾਲ ਹਮਲਾ ਕਰ ਕੇ 22 ਸਾਲਾ ਨੌਜਵਾਨ ਦੀਆਂ ਦੋਵੇਂ ਲੱਤਾਂ, ਹੱਥਾਂ ਦੀਆਂ ਉਂਗਲਾਂ ਤੋਡ਼ ਦਿੱਤੀਆਂ ਅਤੇ ਸਿਰ ’ਤੇ ਕਈ ਵਾਰ ਕਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਕੇ ਫਰਾਰ ਹੋ ਗਏ। 
ਵਾਰਦਾਤ ਤੋਂ ਬਾਅਦ ਜ਼ਖ਼ਮੀ ਨੂੰ ਲਹੂ-ਲੁਹਾਨ ਹਾਲਤ ’ਚ ਇਲਾਜ ਲਈ ਸੀ. ਐੱਮ. ਸੀ. ਹਪਸਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ ਤੇ ਮ੍ਰਿਤਕ ਦੀ ਪਛਾਣ ਰਿੰਕਲ ਖੇੜਾ ਵਜੋਂ ਹੋਈ। ਇਸ ਕੇਸ ਵਿਚ ਪੁਲਸ ਵੱਲੋਂ ਵਾਰਡ ਨੰ. 52 ਦੇ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਬੇਟੇ ਜਤਿੰਦਰਪਾਲ ਸਿੰਘ ਅਤੇ ਅੱਧਾ ਦਰਜਨ ਅਣਪਛਾਤੇ ਹਮਲਾਵਰਾਂ ਨੂੰ ਧਾਰਾ 452, 307 ਦੇ ਤਹਿਤ ਦਰਜ ਕੀਤਾ ਗਿਆ ਸੀ ਪਰ ਦੇਰ ਰਾਤ ਰਿੰਕਲ ਦੀ ਮੌਤ ਹੋਣ ਤੋਂ ਧਾਰਾ 302 ਵੀ ਲਗਾ ਦਿੱਤੀ ਗਈ। ਸੂਚਨਾ ਮਿਲਦੇ ਹੀ ਇਲਾਕੇ ਵਿਚ ਸਥਿਤੀ ਤਣਾਅਪੂਰਨ ਹੋ ਗਈ ਅਤੇ ਰਿੰਕਲ ਖੇੜਾ ਧਿਰ ਦੇ ਲੋਕ ਹਸਪਤਾਲ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਉੱਥੇ ਲੋਕਾਂ ਦੀ ਭੀਡ਼ ਲੱਗ ਗਈ। ਥਾਣਾ ਡਵੀਜ਼ਨ ਨੰ. 2 ਅਤੇ 3 ਦੀ ਪੁਲਸ ਹਸਪਤਾਲ ਪੁੱਜੀ ਪਰ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਕੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਸੂਤਰਾਂ ਦੀ ਮੰਨੀਏ ਤਾਂ ਦੇਰ ਰਾਤ ਕਈ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਪੱੁਛਗਿੱਛ ਕਰ ਰਹੀ ਸੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਭਰਾ ਮਨੀ ਖੇਡ਼ਾ ਨੇ ਦੱਸਿਆ ਕਿ ਸਵੇਰ ਉਸ ਦਾ ਭਰਾ ਅਤੇ ਮਾਂ ਪਰਮਿੰਦਰ ਕੌਰ ਘਰ ਵਿਚ ਮੌਜੂਦ ਸਨ। ਉਸੇ ਸਮੇਂ ਕਾਰ ਸਵਾਰ ਨੌਜਵਾਨ ਘਰ ਵਿਚ ਦਾਖਲ ਹੋ ਗਏ। ਇਸ ਤੋਂ ਪਹਿਲਾਂ ਕਿ ਰਿੰਕਲ ਕੁਝ ਸਮਝ ਸਕਦਾ, ਉਨ੍ਹਾਂ ਨੇ ਉਸ ’ਤੇ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਗੁਆਂਢ ਵਿਚ ਰਹਿਣ ਵਾਲੇ ਵਿਅਕਤੀ ਨੇ ਉਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਅਤੇ ਨਾਲ ਦੀ ਗਲੀ ’ਚੋਂ ਉਹ ਤੁਰੰਤ ਭੱਜ ਕੇ ਘਰ ਪੁੱਜਾ। ਭਰਾ ਦਾ ਦੋਸ਼ ਹੈ ਕਿ ਹਮਲਾਵਰਾਂ ਵਿਚ ਇਕ ਕਾਂਗਰਸੀ ਕੌਂਸਲਰ ਦਾ ਬੇਟਾ ਵੀ ਸੀ।


Related News