ਟਿਕਟ ਅਲਾਟਮੈਂਟ ''ਚ ਸਾਰੇ ਖਾਹਿਸ਼ਮੰਦਾਂ ਨੂੰ ਸਮਾਉਣਾ ਸੰਭਵ ਨਹੀਂ : ਕੈਪਟਨ

Saturday, Apr 13, 2019 - 09:32 PM (IST)

ਟਿਕਟ ਅਲਾਟਮੈਂਟ ''ਚ ਸਾਰੇ ਖਾਹਿਸ਼ਮੰਦਾਂ ਨੂੰ ਸਮਾਉਣਾ ਸੰਭਵ ਨਹੀਂ : ਕੈਪਟਨ

ਜਲੰਧਰ : ਸੰਸਦੀ ਚੋਣਾਂ ਲਈ ਟਿਕਟਾਂ ਨਾ ਮਿਲਣ ਵਾਲੇ ਆਗੂਆਂ ਦੀ ਨਾਰਾਜ਼ਗੀ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ ਕੇਵਲ 13 ਹੀ ਲੋਕ ਸਭਾ ਸੀਟਾਂ ਹਨ ਤੇ ਟਿਕਟਾਂ ਦੇ ਸਾਰੇ 177 ਖਾਹਿਸ਼ਮੰਦਾਂ ਨੂੰ ਸਮਾਉਣਾ ਸੰਭਵ ਨਹੀਂ ਹੈ। ਇਹ ਟਿਕਟਾਂ ਕਾਂਗਰਸ ਹਾਈ ਕਮਾਂਡ ਵਲੋਂ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧ 'ਚ ਜਿੱਤਣ ਦੀ ਸਮਰਥਾ ਦੇ ਮਾਪਦੰਡ ਨੂੰ ਆਧਾਰ ਬਣਾਇਆ ਗਿਆ ਹੈ।  ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਚੰਦਨ ਗਰੇਵਾਲ ਦੇ ਪਾਰਟੀ 'ਚ ਆਉਣ 'ਤੇ ਸਵਾਗਤ ਕਰਦੇ ਹੋਏ ਮੀਡੀਆ ਦੇ ਨਾਲ ਇਕ ਗੈਰ-ਰਸਮੀ ਗਲਬਾਤ ਦੌਰਾਨ ਦੱਸਿਆ ਕਿ ਟਿਕਟਾਂ ਦੀ ਅਲਾਟਮੈਂਟ 'ਚ ਨੌਜਵਾਨਾਂ ਦਾ ਤਜਰਬੇ ਦੇ ਨਾਲ ਸੰਤੁਲਨ ਬਿਠਾਇਆ ਗਿਆ ਹੈ। ਗਰੇਵਾਲ ਇਕ ਉੱਘਾ ਬਾਲਮੀਕੀ ਆਗੂ ਹੈ। ਉਨ੍ਹਾਂ ਨੇ ਕਰਤਾਰਪੁਰ ਤੋਂ ਵਿਧਾਨ ਸਭਾ ਚੋਣਾਂ ਲੜਣ ਤੋਂ ਕੁਝ ਮਹੀਨੇ ਬਾਅਦ ਹੀ ਅਕਤੂਬਰ 2017 'ਚ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। 
ਕੁਝ ਨਾਰਾਜ਼ ਕਾਂਗਰਸੀ ਆਗੂਆਂ ਵਲੋਂ ਵੱਖਰੀ ਕਾਂਗਰਸ ਟਕਸਾਲੀ ਬਣਾਏ ਜਾਣ ਲਈ ਪੂਰੀ ਤਰਾਂ ਤਿਆਰ ਹੋਣ ਸਬੰਧੀ ਅਫਵਾਹਾਂ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਟਿਕਟਾਂ ਦੇ ਸਾਰੇ ਖਾਹਿਸ਼ਮੰਦਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ ਇਸ ਗੱਲ ਨੂੰ ਸਮਝਣਗੇ ਅਤੇ ਪਾਰਟੀ ਦੀ ਸਫ਼ਲਤਾ ਲਈ ਕੰਮ ਕਰਨਗੇ। ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਟਿਕਟ ਨਾ ਦਿੱਤੇ ਜਾਣ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਪਾਰਟੀ ਦੀ ਟਿਕਟ 'ਤੇ ਲੜੇ ਹਨ ਤੇ ਅਸਫ਼ਲ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਦੀ ਪਤਨੀ ਨੂੰ ਵੀ ਮੌਕਾ ਦਿੱਤਾ ਗਿਆ ਤੇ ਉਹ ਵੀ ਹਾਰ ਗਏ। 


Related News